ਘਟਨਾ ਪਿੱਛੇ ਸਕੂਲ ਗਾਰਡ ਦੀ ਸ਼ਮੂਲੀਅਤ ਦਾ ਸ਼ੱਕ : ਡੀ. ਐੱਸ. ਪੀ.
ਪਟਿਆਲਾ, 5 ਅਗਸਤ : ਜ਼ਿਲਾ ਪਟਿਆਸਾ ਸ਼ਹਿਰ ਦੇ ਪੁਰਾਣੇ ਬੱਸ ਸਟੈਂਡ ਸਾਹਮਣੇ ਇਕ ਨਿੱਜੀ ਸਕੂਲ ’ਚ 5 ਸਾਲਾ ਬੱਚੇ ਨਾਲ ਬਦਫੈਲੀ ਹੋਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਬੱਚੇ ਨੂੰ ਪੇਟ ’ਚ ਦਰਦ ਹੋਣ ਦੀ ਸ਼ਿਕਾਇਤ ’ਤੇ ਰਾਜਿੰਦਰਾ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਏ ਹਨ ਕਿ ਬੱਚੇ ਨਾਲ ਬਦਫੈਲੀ ਕੀਤੀ ਗਈ ਹੈ। ਘਟਨਾ ਸਾਹਮਣੇ ਆਉਣ ’ਤੇ ਪੁਲਸ ਨੇ ਸਕੂਲ ’ਚ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਅਨੁਸਾਰ ਇਸ ਘਟਨਾ ’ਚ ਸਕੂਲ ਦੇ ਗਾਰਡ ਦੀ ਸ਼ਮੂਲੀਅਤ ਦੱਸੀ ਜਾ ਰਹੀ, ਜਿਸ ਸਬੰਧੀ ਪੜਤਾਲ ਕੀਤੀ ਜਾ ਰਹੀ ਹੈ।
ਬੱਚੇ ਦੇ ਮਾਪਿਆਂ ਨੇ ਸ਼ਰੇਆਮ ਦੋਸ਼ ਲਾਏ ਕਿ ਬੱਚੇ ਦੇ ਮੈਡੀਕਲ ’ਚ ਵੀ ਸਾਫ ਆਇਆ ਹੈ ਕਿ ਉਸ ਨਾਲ ਬਦਫੈਲੀ ਕੀਤੀ ਗਈ ਹੈ। ਮਾਪਿਆਂ ਨੇ ਆਖਿਆ ਕਿ ਪਹਿਲਾਂ ਬੱਚਾ ਪੇਟ ’ਚ ਦਰਦ ਕਹਿ ਰਿਹਾ ਸੀ। ਜਦੋਂ ਡਾਕਟਰ ਕੋਲ ਲੈ ਕੇ ਗਏ ਤਾਂ ਕਲੀਅਰ ਹੋ ਗਿਆ ਕਿ ਇਸ ਨਾਲ ਬਦਫੈਲੀ ਕੀਤੀ ਗਈ ਹੈ। ਮਾਪਿਆਂ ਨੇ ਤਾਂ ਇੱਥੋਂ ਤੱਕ ਦੋਸ਼ ਲਾਇਆ ਕਿ ਕਈ ਹੋਰ ਬੱਚੇ ਵੀ ਇਸ ਤਰ੍ਹਾਂ ਦਾ ਸ਼ਿਕਾਰ ਹੋ ਚੁੱਕੇ ਹਨ ਪਰ ਸੱਚ ਸਾਹਮਣੇ ਨਹੀਂ ਆ ਰਿਹਾ ਹੈ।
ਇਸ ਸਬੰਧੀ ਡੀ. ਐੱਸ. ਪੀ. ਸਿਟੀ-1 ਸਤਨਾਮ ਸਿੰਘ ਨੇ ਸਕੂਲ ’ਚ ਪਹੁੰਚ ਕੇ ਮੌਕੇ ਦਾ ਜਾਇਜ਼ਾ ਲਿਆ ਗਿਆ ਤੇ ਬਾਅਦ ’ਚ ਹਸਪਤਾਲ ਪਹੁੰਚ ਕੇ ਬੱਚੇ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਬੱਚੇ ਨੇ ਪੇਟ ’ਚ ਦਰਦ ਹੋਣ ਅਤੇ ਸਰੀਰਕ ਕਸ਼ਟ ਦੀ ਸ਼ਿਕਾਇਤ ਕਰਨ ’ਤੇ ਪਰਿਵਾਰ ਨੇ ਹਸਪਤਾਲ ਦਾਖਲ ਕਰਵਾਇਆ।
ਇਸ ਸਬੰਧੀ ਪੜਤਾਲ ਕਰਨ ਲਈ ਉਹ ਖੁਦ ਸਕੂਲ ਪਹੁੰਚੇ ਹਨ। ਬੱਚੇ ਦਾ ਕਹਿਣਾ ਹੈ ਕਿ ਸਕੂਲ ਦੇ ਗਾਰਡ ਵੱਲੋਂ ਉਸ ਨਾਲ ਸਰੀਰਕ ਹਰਕਤ ਕੀਤੀ ਗਈ ਹੈ, ਜਿਸ ਸਬੰਧੀ ਸਕੂਲ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਮੈਡੀਕਲ ਰਿਪੋਰਟ ਉਪਰੰਤ ਸੱਚਾਈ ਸਾਹਮਣੇ ਆਵੇਗੀ।
ਇਸ ਸਬੰਧੀ ਸਕੂਲ ਪ੍ਰਿੰਸੀਪਲ ਦਾ ਕਹਿਣਾ ਸੀ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ’ਚ ਨਹੀਂ ਸੀ। ਹੁਣੇ ਹੀ ਪਤਾ ਲੱਗਾ ਹੈ, ਜਿਸ ਸਬੰਧੀ ਪੜਤਾਲ ਜਾਰੀ ਹੈ।
Read More : ਡੀ. ਆਈ. ਜੀ. ਨਾਨਕ ਸਿੰਘ ਨੇ ਪ੍ਰਾਚੀਨ ਸ਼ਿਵ ਮੰਦਰ ਕਲਾਨੌਰ ਵਿਖੇ ਮੱਥਾ ਟੇਕਿਆ