ਜ਼ਖਮੀ ਬੱਚਿਆਂ ਨੂੰ ਸੈਕਟਰ 32 ਹਸਪਤਾਲ ਚੰਡੀਗੜ੍ਹ ਕਰ ਦਿੱਤਾ ਰੈਫਰ
ਮੋਹਾਲੀ, 13 ਅਗਸਤ : ਜ਼ਿਲਾ ਮੋਹਾਲੀ ਵਿਚ ਲਾਲੜੂ ਨਗਰ ਕੌਂਸਲ ਅਧੀਨ ਪੈਂਦੇ ਪਿੰਡ ਦੱਪਰ ਦੇ ਕੇਂਦਰੀ ਵਿਦਿਆਲਿਆ ਤੋਂ ਛੁੱਟੀ ਤੋਂ ਬਾਅਦ ਘਰ ਜਾ ਰਹੇ ਇਕ ਨਿੱਜੀ ਵਾਹਨ ਦੇ ਪਲਟਣ ਨਾਲ ਵੈਨ ਵਿਚ ਸਵਾਰ ਕਰੀਬ 7 ਬੱਚੇ ਗੰਭੀਰ ਜ਼ਖ਼ਮੀ ਹੋ ਗਏ। ਵੈਨ ਵਿਚ ਲਗਪਗ 20 ਸਕੂਲੀ ਬੱਚੇ ਸਵਾਰ ਸਨ, ਖ਼ੁਸ਼ਕਿਸਮਤੀ ਨਾਲ ਬਾਕੀ ਬੱਚੇ ਸੁਰੱਖਿਅਤ ਹਨ। ਜ਼ਖ਼ਮੀ ਬੱਚਿਆਂ ਨੂੰ ਡੇਰਾਬੱਸੀ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਚਾਰ ਬੱਚਿਆਂ ਦੀ ਹਾਲਤ ਨਾਜ਼ੁਕ ਹੋਣ ਤੋਂ ਬਾਅਦ ਸੈਕਟਰ 32 ਹਸਪਤਾਲ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਦੱਪਰ ਵਿਖੇ ਸਥਿਤ ਕੇਂਦਰੀ ਵਿਦਿਆਲਿਆ ਸਕੂਲ ਵਿਚ ਦੁਪਹਿਰ ਕਰੀਬ 2:30 ਵਜੇ ਸਕੂਲ ਖ਼ਤਮ ਹੋਣ ਤੋਂ ਬਾਅਦ ਇਕ ਟਵੇਰਾ ਵੈਨ ਲਗਪਗ 20 ਬੱਚਿਆਂ ਨੂੰ ਲੈ ਕੇ ਡੇਰਾਬੱਸੀ ਤੋਂ ਚਡਿਆਲਾ ਪਿੰਡ ਵੱਲ ਆ ਰਹੀ ਸੀ। ਕੁੱਝ ਦੂਰੀ ‘ਤੇ ਜਾਣ ਤੋਂ ਬਾਅਦ ਸਾਹਮਣੇ ਤੋਂ ਆ ਰਹੇ ਇਕ ਵਾਹਨ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹੋਏ ਵਾਹਨ ਨੇ ਆਪਣਾ ਸੰਤੁਲਨ ਗੁਆ ਦਿੱਤਾ। ਹਾਦਸੇ ਸਮੇਂ ਬੱਚੇ ਬੁਰੀ ਤਰ੍ਹਾਂ ਡਰ ਗਏ। ਬੱਚਿਆਂ ਦੇ ਮਾਪੇ ਵੀ ਮੌਕੇ ‘ਤੇ ਪਹੁੰਚ ਗਏ।
ਰਾਹਗੀਰਾਂ ਦੀ ਮਦਦ ਨਾਲ ਡਰਾਈਵਰ ਅਤੇ ਬੱਚਿਆਂ ਨੂੰ ਬਾਹਰ ਕੱਢਿਆ ਗਿਆ। ਸੱਤ ਜ਼ਖ਼ਮੀ ਬੱਚਿਆਂ ਨੂੰ ਡੇਰਾਬੱਸੀ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਚਾਰ ਬੱਚਿਆਂ ਨੂੰ ਗੰਭੀਰ ਸੱਟਾਂ ਕਾਰਨ ਚੰਡੀਗੜ੍ਹ ਸੈਕਟਰ 32 ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਡੇਰਾਬੱਸੀ ਥਾਣਾ ਮੁਖੀ ਸੁਮਿਤ ਮੋਰ ਵੀ ਹਸਪਤਾਲ ਪਹੁੰਚੇ ਅਤੇ ਕਿਹਾ ਕਿ ਡਰਾਈਵਰ ਦਾ ਬਿਆਨ ਦਰਜ ਕਰਨ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ।
Read More : ਹਿਮਾਚਲ ਪ੍ਰਦੇਸ਼ ਵਿਚ ਭਾਰੀ ਮੀਂਹ ਦੀ ਚਿਤਾਵਨੀ