ਚੋਣ ਕਮਿਸ਼ਨ ਨੇ ਜਾਰੀ ਕੀਤਾ ਨੋਟਿਸ
ਕੋਲਕਾਤਾ, 28 ਅਕਤੂਬਰ : ਜਨ ਸੁਰਾਜ ਪਾਰਟੀ ਦੇ ਸੰਸਥਾਪਕ ਪ੍ਰਸ਼ਾਂਤ ਕਿਸ਼ੋਰ ਮੰਗਲਵਾਰ ਨੂੰ ਉਸ ਸਮੇਂ ਵਿਵਾਦਾਂ ’ਚ ਘਿਰ ਗਏ, ਜਦੋਂ ਇਹ ਸਾਹਮਣੇ ਆਇਆ ਕਿ ਉਹ ਕਥਿਤ ਤੌਰ ’ਤੇ ਆਪਣੇ ਗ੍ਰਹਿ ਸੂਬੇ ਬਿਹਾਰ ਦੇ ਨਾਲ ਹੀ ਗੁਆਂਢੀ ਸੂਬੇ ਪੱਛਮੀ ਬੰਗਾਲ ’ਚ ਵੀ ਵੋਟਰ ਦੇ ਰੂਪ ’ਚ ਰਜਿਸਟਰਡ ਹਨ।
ਇਸ ਬਾਰੇ ਚੋਣ ਕਮਿਸ਼ਨ ਨੇ ਨੋਟਿਸ ਜਾਰੀ ਕਰਦੇ ਹੋਏ ਪ੍ਰਸ਼ਾਂਤ ਕਿਸ਼ੋਰ ਨੂੰ ਇਹ ਸਪੱਸ਼ਟ ਕਰਨ ਲਈ ਕਿਹਾ ਗਿਆ ਹੈ ਕਿ ਉਨ੍ਹਾਂ ਦਾ ਨਾਂ ਦੋ ਵੱਖ-ਵੱਖ ਸੂਬਿਆਂ ਬਿਹਾਰ ਅਤੇ ਪੱਛਮੀ ਬੰਗਾਲ ਦੀਆਂ ਵੋਟਰ ਸੂਚੀਆਂ ’ਚ ਕਿਉਂ ਦਰਜ ਹੈ।
ਪੱਛਮੀ ਬੰਗਾਲ ’ਚ ਇਕ ਚੋਣ ਅਧਿਕਾਰੀ ਨੇ ਦੱਸਿਆ ਕਿ ਅਧਿਕਾਰਕ ਰਿਕਾਰਡ ਅਨੁਸਾਰ ਪੱਛਮੀ ਬੰਗਾਲ ’ਚ ਵੋਟਰ ਦੇ ਰੂਪ ’ਚ ਰਜਿਸਟਰਡ ਕਿਸ਼ੋਰ ਦਾ ਪਤਾ 121, ਕਾਲੀਘਾਟ ਰੋਡ ਵਜੋਂ ਦਰਜ ਹੈ, ਜੋ ਕੋਲਕਾਤਾ ਦੇ ਭਵਾਨੀਪੁਰ ਵਿਧਾਨ ਸਭਾ ਖੇਤਰ ’ਚ ਤ੍ਰਿਣਮੂਲ ਕਾਂਗਰਸ ਦੇ ਦਫਤਰ ਦਾ ਪਤਾ ਹੈ।
ਭਵਾਨੀਪੁਰ ਵਿਧਾਨ ਸਭਾ ਖੇਤਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਮੁਖੀ ਮਮਤਾ ਬੈਨਰਜੀ ਦਾ ਚੋਣ ਖੇਤਰ ਹੈ। ਅਧਿਕਾਰੀ ਨੇ ਕਿਹਾ, ‘ਉਨ੍ਹਾਂ ਦਾ ਪੋਲਿੰਗ ਸਟੇਸ਼ਨ ਬੀ ਰਾਨੀਸ਼ੰਕਰੀ ਲੇਨ ਸਥਿਤ ਸੇਂਟ ਹੇਲੇਨ ਸਕੂਲ ਵਜੋਂ ਸੂਚੀਬੱਧ ਹੈ।
ਪੱਛਮੀ ਬੰਗਾਲ ’ਚ 2021 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਿਸ਼ੋਰ ਨੇ ਤ੍ਰਿਣਮੂਲ ਕਾਂਗਰਸ ਲਈ ਰਾਜਨੀਤਕ ਸਲਾਹਕਾਰ ਵਜੋਂ ਕੰਮ ਕੀਤਾ ਸੀ। ਚੋਣ ਅਧਿਕਾਰੀ ਨੇ ਦੱਸਿਆ ਕਿ ਕਿਸ਼ੋਰ ਦਾ ਨਾਂ ਬਿਹਾਰ ’ਚ ਰੋਹਤਾਸ ਜ਼ਿਲੇ ਦੇ ਸਾਸਾਰਾਮ ਸੰਸਦੀ ਖੇਤਰ ਦੇ ਅਧੀਨ ਕਰਗਹਰ ਵਿਧਾਨ ਸਭਾ ਖੇਤਰ ’ਚ ਰਜਿਸਟਰਡ ਹੈ ।
ਉਨ੍ਹਾਂ ਦਾ ਪੋਲਿੰਗ ਸਟੇਸ਼ਨ ਕੇਂਦਰੀ ਮੱਧ ਪਾਠਸ਼ਾਲਾ ਕੋਨਾਰ ਹੈ। ਇਸ ਮਾਮਲੇ ’ਤੇ ਚੋਣ ਅਧਿਕਾਰੀ ਨੇ ਲੋਕ ਪ੍ਰਤੀਨਿਧਤਾ ਐਕਟ 1950 ਦੀ ਧਾਰਾ 17 ਦਾ ਜ਼ਿਕਰ ਕੀਤਾ, ਜਿਸਦੇ ਤਹਿਤ ਕੋਈ ਵੀ ਵਿਅਕਤੀ ਇਕ ਤੋਂ ਵੱਧ ਚੋਣ ਖੇਤਰ ’ਚ ਵੋਟਰ ਦੇ ਰੂਪ ’ਚ ਰਜਿਸਟਰਡ ਨਹੀਂ ਹੋ ਸਕਦਾ ਹੈ।
ਉਨ੍ਹਾਂ ਕਿਹਾ, ‘ਉਥੇ ਹੀ ਧਾਰਾ 18 ਇਕ ਹੀ ਚੋਣ ਖੇਤਰ ’ਚ ਇਕ ਤੋਂ ਜ਼ਿਆਦਾ ਇੰਦਰਾਜ਼ ’ਤੇ ਰੋਕ ਲਾਉਂਦੀ ਹੈ। ਵੋਟਰਾਂ ਨੂੰ ਰਿਹਾਇਸ਼ ਬਦਲਣ ’ਤੇ ਆਪਣੀ ਨਾਮਜ਼ਦਗੀ ਤਬਦੀਲ ਕਰਨ ਲਈ ਫਾਰਮ-8 ਭਰਨਾ ਜ਼ਰੂਰੀ ਹੈ। ਕਥਿਤ ਬਨਿਯਮੀਆਂ ਬਾਰੇ ਪੁੱਛੇ ਜਾਣ ’ਤੇ ਜਨ ਸੁਰਾਜ ਪਾਰਟੀ ਦੇ ਰਾਸ਼ਟਰੀ ਬੁਲਾਰੇ ਕੁਮਾਰ ਸੌਰਭ ਸਿੰਘ ਨੇ ਕਿਹਾ, ‘ਇਸਦੀ ਜ਼ਿੰਮੇਵਾਰੀ ਚੋਣ ਕਮਿਸ਼ਨ ’ਤੇ ਹੈ । ਉਸ ਨੇ ਬਿਹਾਰ ’ਚ ਐੱਸ. ਆਈ. ਆਰ. ਨੂੰ ਬਹੁਤ ਹੱਲਾ ਮਚਾ ਕੇ ਸ਼ੁਰੂ ਕੀਤਾ ਸੀ। ਕਈ ਨਾਵਾਂ ਨੂੰ ਹਟਾ ਦਿੱਤਾ ਗਿਆ।
ਜਦੋਂ ਉਹ ਪ੍ਰਸ਼ਾਂਤ ਕਿਸ਼ੋਰ ਵਰਗੀ ਜਾਣੀ-ਪਛਾਣੀ ਸ਼ਖਸੀਅਤ ਦੇ ਮਾਮਲੇ ’ਚ ਗਲਤੀ ਲਈ ਜਗ੍ਹਾ ਛੱਡ ਸਕਦੇ ਹਨ, ਤਾਂ ਚੋਣ ਕਮਿਸ਼ਨ ਹੋਰ ਥਾਵਾਂ ’ਤੇ ਕਿੰਨਾ ਤੇਜ਼ ਹੋਵੇਗਾ, ਇਸਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਹਾਲਾਂਕਿ ਉਨ੍ਹਾਂ ਇਸ ਸਵਾਲ ਦਾ ਸਿੱਧਾ ਜਵਾਬ ਨਹੀਂ ਦਿੱਤਾ ਕਿ ਕੀ ਕਿਸ਼ੋਰ ਨੇ ਬਿਹਾਰ ਦੀ ਵੋਟਰ ਸੂਚੀ ’ਚ ਨਾਂ ਸ਼ਾਮਲ ਕਰਨ ਲਈ ਅਪਲਾਈ ਕਰਨ ਤੋਂ ਪਹਿਲਾਂ ਪੱਛਮੀ ਬੰਗਾਲ ਦੀ ਵੋਟਰ ਸੂਚੀ ਤੋਂ ਆਪਣਾ ਨਾਂ ਹਟਾਉਣ ਲਈ ਅਪਲਾਈ ਕੀਤਾ ਸੀ?
Read More : ਅੱਜ ਛੱਠ ਪੂਜਾ ਦਾ ਆਖਰੀ ਦਿਨ, ਚੜ੍ਹਦੇ ਸੂਰਜ ਨੂੰ ਊਸ਼ਾ ਅਰਘਿਆ ਭੇਟ
