ਫਾਰਮ ਹਾਊਸ ਤੋਂ ਬਾਹਰ ਨਿਕਲਦੇ ਸਮੇਂ ਹੋਈ ਫਾਇਰਿੰਗ, ਬੈਂਸ ਨੇ ਵੀ ਕੀਤੀ ਕ੍ਰਾਸ ਫਾਇਰਿੰਗ
ਪੁਲਸ ਕੋਲ ਨਹੀਂ ਪਹੁੰਚੀ ਕੋਈ ਸ਼ਿਕਾਇਤ, ਆਪਣੇ ਪੱਧਰ ’ਤੇ ਜਾਂਚ ਕਰ ਰਹੀ ਪੁਲਸ
ਲੁਧਿਆਣਾ, 13 ਸਤੰਬਰ : ਲੋਕ ਇਨਸਾਫ ਪਾਰਟੀ ਨੂੰ ਛੱਡ ਕੇ ਕਾਂਗਰਸ ’ਚ ਸ਼ਾਮਲ ਹੋਏ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ’ਤੇ ਰਾਤ ਉਸ ਸਮੇਂ ਫਾਇਰਿੰਗ ਹੋ ਗਈ, ਜਦੋਂ ਉਹ ਆਪਣੀ ਡਿਫੈਂਡਰ ਕਾਰ ’ਚ ਸਵਾਰ ਹੋ ਕੇ ਆਲਮਗੀਰ ਸਥਿਤ ਫਾਰਮ ਹਾਊਸ ਤੋਂ ਬਾਹਰ ਨਿਕਲ ਰਹੇ ਸਨ। ਗੋਲੀ ਚਲਾਉਣ ਦਾ ਦੋਸ਼ ਉਨ੍ਹਾਂ ਦੇ ਭਤੀਜੇ ’ਤੇ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਸਾਰਾ ਵਿਵਾਦ ਪਰਿਵਾਰਕ ਝਗੜੇ ਅਤੇ ਪ੍ਰਾਪਰਟੀ ਦੇ ਮੁੱਦੇ ਨਾਲ ਜੁੜਿਆ ਹੈ, ਜਿਵੇਂ ਹੀ ਕਾਰ ’ਤੇ ਗੋਲੀਆਂ ਚੱਲੀਆਂ, ਬੈਂਸ ਘਬਰਾ ਗਏ ਅਤੇ ਤੁਰੰਤ ਆਪਣੀ ਲਾਇਸੈਂਸੀ ਪਿਸਤੌਲ ਕੱਢ ਕੇ ਭਤੀਜੇ ’ਤੇ ਜਵਾਬੀ ਫਾਇਰਿੰਗ ਕਰ ਦਿੱਤੀ। ਖੁਸ਼ਕਿਸਮਤੀ ਇਹ ਰਹੀ ਕਿ ਦੋਵਾਂ ਵੱਲੋਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਗੋਲੀਆਂ ਦੀ ਆਵਾਜ਼ ਸੁਣ ਕੇ ਆਲੇ-ਦੁਆਲੇ ਦੇ ਲੋਕ ਅਤੇ ਪਰਿਵਾਰਕ ਮੈਂਬਰ ਮੌਕੇ ’ਤੇ ਇਕੱਠੇ ਹੋ ਗਏ।
ਸੂਤਰਾਂ ਅਨੁਸਾਰ ਸਿਮਰਜੀਤ ਸਿੰਘ ਬੈਂਸ ਅਤੇ ਉਨ੍ਹਾਂ ਦੇ ਭਰਾ ਪਰਮਜੀਤ ਸਿੰਘ ਉਰਫ ਪੰਮਾ ਬੈਂਸ ਵਿਚਕਾਰ ਲੰਬੇ ਸਮੇਂ ਤੋਂ ਪ੍ਰਾਪਰਟੀ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਕਈ ਵਾਰ ਦੋਵਾਂ ਭਰਾਵਾਂ ਵਿਚਕਾਰ ਕਹਾ-ਸੁਣੀ ਵੀ ਹੋ ਚੁੱਕੀ ਹੈ। ਦੇਰ ਰਾਤ ਵੀ ਫਾਰਮ ਹਾਊਸ ਦੇ ਅੰਦਰ ਦੋਵਾਂ ਵਿਚਕਾਰ ਬਹਿਸ ਹੋਈ ਸੀ, ਜਿਸ ਤੋਂ ਬਾਅਦ ਮਾਹੌਲ ਹੋਰ ਗਰਮ ਹੋ ਗਿਆ।
ਸ਼ਨੀਵਾਰ ਸਵੇਰੇ ਜਿਵੇਂ ਹੀ ਬੈਂਸ ਕਾਰ ਲੈ ਕੇ ਨਿਕਲੇ ਤਾਂ ਪੰਮੇ ਦੇ ਬੇਟੇ ਨੇ ਅਚਾਨਕ ਫਾਇਰਿੰਗ ਸ਼ੁਰੂ ਕਰ ਦਿੱਤੀ। ਕਾਰ ’ਤੇ ਗੋਲੀਆਂ ਲੱਗਦੇ ਹੀ ਬੈਂਸ ਨੇ ਵੀ ਅਪਣੀ ਪਿਸਤੌਲ ਨਾਲ ਗੋਲੀਆਂ ਚਲਾਈਆਂ। ਆਵਾਜ਼ ਸੁਣ ਕੇ ਪਰਿਵਾਰ ਦੇ ਦੂਜੇ ਮੈਂਬਰ ਵੀ ਬਾਹਰ ਆ ਗਏ। ਥੋੜ੍ਹੀ ਦੇਰ ਬਾਅਦ ਉਨ੍ਹਾਂ ਦੇ ਛੋਟੇ ਭਰਾ ਅਤੇ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਬੈਂਸ ਵੀ ਉਥੇ ਪੁੱਜ ਗਏ ਅਤੇ ਉਨ੍ਹਾਂ ਨੇ ਬਚਾਅ ਕਰ ਕੇ ਦੋਵਾਂ ਪਰਿਵਾਰਾਂ ਨੂੰ ਘਰ ਦੇ ਅੰਦਰ ਜਾਣ ਦੀ ਸਲਾਹ ਦਿੱਤੀ। ਘਟਨਾ ਤੋਂ ਬਾਅਦ ਪਰਿਵਾਰ ’ਚ ਸਨਾਟਾ ਪਸਰਿਆ ਹੋਇਆ ਹੈ।
ਬੈਂਸ ਪਰਿਵਾਰ ਵੀ ਚੁੱਪ ਧਾਰੀ ਬੈਠਾ ਹੈ। ਉਥੇ ਇਹ ਮਾਮਲਾ ਹੁਣ ਕਾਂਗਰਸ ਹਾਈਕਮਾਨ ਤਕ ਪੁੱਜ ਚੁੱਕਾ ਹੈ ਅਤੇ ਵਿਸ਼ੇਸ਼ ਪੱਧਰ ’ਤੇ ਸੁਲਾਹ ਕਰਵਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਜਦੋਂ ਇਸ ਘਟਨਾ ਦਾ ਪਤਾ ਪੁਲਸ ਨੂੰ ਲੱਗਾ ਤਾਂ ਥਾਣਾ ਡੇਹਲੋਂ ਦੀ ਪੁਲਸ ਮੌਕੇ ’ਤੇ ਪੁੱਜੀ।
Read More : ਸੜਕ ਹਾਦਸੇ ’ਚ ਦਾਦੀ-ਪੋਤੀ ਸਮੇਤ ਤਿੰਨ ਦੀ ਮੌਤ