three ambulances

ਹੜ੍ਹ ਪ੍ਰਭਾਵਿਤ ਖੇਤਰਾਂ ਲਈ ਮੰਤਰੀ ਚੀਮਾ ਨੇ ਮੋਹਾਲੀ ਤੋਂ ਤਿੰਨ ਐਂਬੂਲੈਂਸਾਂ ਨੂੰ ਕੀਤਾ ਰਵਾਨਾ

ਮੋਹਾਲੀ 19 ਸਤੰਬਰ : ਅੱਜ ਹੜ੍ਹ ਪ੍ਰਭਾਵਿਤ ਸਰਹੱਦੀ ਜ਼ਿਲ੍ਹਿਆਂ ਦੇ ਵਾਸੀਆਂ ਨੂੰ ਮੈਡੀਕਲ ਸੇਵਾਵਾਂ ਪ੍ਰਦਾਨ ਕਰਨ ਲਈ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਮੋਹਾਲੀ ਤੋਂ ਤਿੰਨ ਐਂਬੂਲੈਂਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਹੈ।

ਇਸ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿਧਾਇਕ ਕੁਲਵੰਤ ਸਿੰਘ ਵੱਲੋਂ ਲੋਕਹਿੱਤ ਉਪਰਾਲੇ ਕਰਨ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਵਿੱਤ ਮੰਤਰੀ ਨੇ ਕਿਹਾ ਕਿ ਡਾਕਟਰਾਂ, ਨਰਸਾਂ ਅਤੇ ਫਾਰਮਾਸਿਸਟਾਂ ਨਾਲ ਲੈਸ ਐਂਬੂਲੈਂਸਾਂ ਹੜ੍ਹ ਤੋਂ ਬਾਅਦ ਦੀਆਂ ਸਿਹਤ ਚੁਣੌਤੀਆਂ ਦਾ ਹੱਲ ਕਰਨਗੀਆਂ ਅਤੇ ਲੋਕਾਂ ਨੂੰ ਪਾਣੀ ਤੋਂ ਪੈਦਾ ਹੋਣ ਵਾਲੀਆਂ ਅਤੇ ਹੋਰ ਬਿਮਾਰੀਆਂ ਤੋਂ ਬਚਾਉਣਗੀਆਂ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਨ੍ਹਾਂ ਐਂਬੂਲੈਂਸਾਂ ਰਾਹੀਂ ਅਗਲੇ 45 ਦਿਨਾਂ ਲਈ ਮੁਫ਼ਤ ਡਾਕਟਰੀ ਜਾਂਚ ਅਤੇ ਦਵਾਈਆਂ ਪ੍ਰਦਾਨ ਕੀਤੀਆਂ ਜਾਣਗੀਆਂ ਅਤੇ ਗੰਭੀਰ ਮਾਮਲਿਆਂ ‘ਚ ਮਰੀਜ਼ਾਂ ਨੂੰ ਅਗਲੇ ਇਲਾਜ ਲਈ ਨੇੜਲੇ ਸਿਹਤ ਕੇਂਦਰਾਂ ‘ਚ ਭੇਜਿਆ ਜਾਵੇਗਾ। ਉਨ੍ਹਾਂ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਆਮ ਸਥਿਤੀ ਬਹਾਲ ਕਰਨ ਲਈ ਪੰਜਾਬ ਸਰਕਾਰ ਦੇ ਯਤਨਾਂ ਦਾ ਸਮਰਥਨ ਕਰਨ ਲਈ ਪਰਨੋਡ ਰਿਕਾਰਡ ਇੰਡੀਆ ਫਾਊਂਡੇਸ਼ਨ ਦੀ ਵੀ ਸ਼ਲਾਘਾ ਕੀਤੀ।

ਆਗਾਮੀ ਪੰਜਾਬ ਵਿਧਾਨ ਸਭਾ ਸੈਸ਼ਨ ਬਾਰੇ ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਕੈਬਨਿਟ ਦੀ ਪ੍ਰਵਾਨਗੀ ਤੋਂ ਬਾਅਦ ਆਫ਼ਤ ਪ੍ਰਬੰਧਨ ਐਕਟ, ਮਾਈਨਿੰਗ ਐਕਟ ਅਤੇ ਹੋਰ ਸਬੰਧਤ ਕਾਨੂੰਨਾਂ ‘ਚ ਜ਼ਰੂਰੀ ਸੋਧਾਂ ਸੈਸ਼ਨ ‘ਚ ਰੱਖੀਆਂ ਜਾਣਗੀਆਂ।

ਰੰਗਲਾ ਪੰਜਾਬ ਚੜ੍ਹਦੀ ਕਲਾ ਫੰਡ ਇਕੱਤਰ ਕਰਨ ਦੀ ਮੁਹਿੰਮ ਬਾਰੇ ਵਿੱਤ ਮੰਤਰੀ ਨੇ ਕਿਹਾ ਕਿ ਦੁਨੀਆ ਭਰ ਦੇ ਪੰਜਾਬੀਆਂ ਵੱਲੋਂ ਦਿੱਤੇ ਜਾ ਰਹੇ ਭਾਰੀ ਯੋਗਦਾਨ ਨੇ ਆਮ ਸਥਿਤੀ ਬਹਾਲ ਕਰਨ ਦੇ ਯਤਨਾਂ ਨੂੰ ਮਜ਼ਬੂਤੀ ਦਿੱਤੀ ਹੈ। ਇਸ ਮੁਸ਼ਕਿਲ ਸਮੇਂ ‘ਚ ਮੱਦਦ ਕਰਨ ਲਈ ਪ੍ਰਵਾਸੀ ਭਾਰਤੀਆਂ ਦਾ ਧੰਨਵਾਦ ਕੀਤਾ, ਉਨ੍ਹਾਂ ਕਿਹਾ ਕਿ ਇਹ ਫੰਡ ਉਨ੍ਹਾਂ ਪਰਿਵਾਰਾਂ ਦੀ ਹਿੰਮਤ ਵਧਾਏਗਾ ਜਿਨ੍ਹਾਂ ਨੂੰ ਕੁਦਰਤ ਦੇ ਕਹਿਰ ਕਾਰਨ ਭਾਰੀ ਨੁਕਸਾਨ ਹੋਇਆ ਹੈ।

ਵਿਧਾਇਕ ਕੁਲਵੰਤ ਸਿੰਘ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਧੰਨਵਾਦ ਕਰਦਿਆਂ ਕਿਹਾ ਕਿ ‘ਆਪ’ ਦੀ ਮੋਹਾਲੀ ਇਕਾਈ ਹਰ ਸੰਭਵ ਤਰੀਕੇ ਨਾਲ ਪ੍ਰਭਾਵਿਤ ਪਰਿਵਾਰਾਂ ਦੇ ਨਾਲ ਖੜ੍ਹੀ ਹੈ।

Read More : ਪੰਜਾਬ ਸਰਕਾਰ ਨੇ ਭਾਖੜਾ ਡੈਮ ਤੋਂ ਵੱਧ ਪਾਣੀ ਛੱਡਣ ਦੇ ਮਾਮਲੇ ਦਾ ਕੀਤਾ ਵਿਰੋਧ

Leave a Reply

Your email address will not be published. Required fields are marked *