‘ਕੈਨੇਡਾ ਛੱਡੋ, ਭਾਰਤ ਚਲੇ ਜਾਓ’, ਕੈਫੇ ’ਤੇ ਹਮਲੇ ਤੋਂ ਬਾਅਦ ਵੀਡੀਓ ਜਾਰੀ
ਅੰਮ੍ਰਿਤਸਰ, 12 ਜੁਲਾਈ :-ਮਸ਼ਹੂਰ ਭਾਰਤੀ ਕਾਮੇਡੀਅਨ ਕਪਿਲ ਸ਼ਰਮਾ ਨੂੰ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਖੁੱਲ੍ਹ ਕੇ ਧਮਕੀ ਦਿੱਤੀ ਹੈ। ਕੈਨੇਡਾ ਦੇ ਸਰੇ ਸ਼ਹਿਰ ’ਚ ਕਪਿਲ ਦੇ ਨਵੇਂ ਸਥਾਪਿਤ ‘ਕੈਪਸ ਕੈਫੇ’ ’ਤੇ ਹਾਲ ਹੀ ’ਚ ਹੋਈ ਫਾਈਰਿੰਗ ਦੀ ਘਟਨਾ ਤੋਂ ਬਾਅਦ ਪੰਨੂ ਨੇ ਇਕ ਵੀਡੀਓ ਜਾਰੀ ਕਰ ਕੇ ਕਪਿਲ ਨੂੰ ਕੈਨੇਡਾ ’ਚ ਆਪਣਾ ਕਾਰੋਬਾਰ ਬੰਦ ਕਰ ਕੇ ਭਾਰਤ ਵਾਪਸ ਜਾਣ ਦੀ ਚਿਤਾਵਨੀ ਦਿੱਤੀ ਹੈ। ਇਸ ਘਟਨਾ ਨੇ ਕੈਨੇਡਾ ’ਚ ਭਾਰਤੀ ਮੂਲ ਦੇ ਕਾਰੋਬਾਰੀਆਂ ਦੀ ਸੁਰੱਖਿਆ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ।
ਸਿੱਖਸ ਫਾਰ ਜਸਟਿਸ (ਅੈੱਸ. ਐੱਫ. ਜੇ.) ਦੇ ਮੁਖੀ ਅਤੇ ਭਾਰਤ ’ਚ ਇਕ ਪਾਬੰਦੀਸ਼ੁਦਾ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਆਪਣੀ ਵੀਡੀਓ ’ਚ ਕਪਿਲ ਸ਼ਰਮਾ ਨੂੰ ਨਿਸ਼ਾਨਾ ਬਣਾਇਆ ਅਤੇ ਕਿਹਾ ਕਿ ਕੈਨੇਡਾ ਤੁਹਾਡਾ ਖੇਡ ਦਾ ਮੈਦਾਨ ਨਹੀਂ ਹੈ। ਆਪਣੀ ਮਿਹਨਤ ਦੀ ਕਮਾਈ ਨਾਲ ਭਾਰਤ ਵਾਪਸ ਚਲੇ ਜਾਓ। ਪੰਨੂ ਨੇ ਕਪਿਲ ’ਤੇ ‘ਮੋਦੀ-ਬ੍ਰਾਂਡ ਹਿੰਦੂਤਵ’ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਲਾਇਆ ਅਤੇ ਦਾਅਵਾ ਕੀਤਾ ਕਿ ਉਸ ਦਾ ਕੈਫੇ ਕੈਨੇਡਾ ’ਚ ਹਿੰਸਕ ਹਿੰਦੂਤਵ ਵਿਚਾਰਧਾਰਾ ਫੈਲਾਉਣ ਦਾ ਹਿੱਸਾ ਹੈ। ਪੰਨੂ ਨੇ ਸਵਾਲ ਕੀਤਾ ਕਿ ‘ਮੇਰਾ ਭਾਰਤ ਮਹਾਨ’ ਦਾ ਨਾਅਰਾ ਲਾਉਣ ਵਾਲੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਏਜੰਡੇ ਦਾ ਸਮਰਥਨ ਕਰਨ ਵਾਲੇ ਕਪਿਲ ਸ਼ਰਮਾ ਭਾਰਤ ’ਚ ਨਿਵੇਸ਼ ਕਰਨ ਦੀ ਬਜਾਏ ਕੈਨੇਡਾ ’ਚ ਕਾਰੋਬਾਰ ਕਿਉਂ ਕਰ ਰਹੇ ਹਨ? ਪੰਨੂ ਦੀ ਧਮਕੀ ਨੂੰ ਕੈਨੇਡਾ ’ਚ ਭਾਰਤੀ ਭਾਈਚਾਰੇ ਖਿਲਾਫ ਵਧ ਰਹੇ ਖਾਲਿਸਤਾਨੀ ਪ੍ਰਭਾਵ ਵਜੋਂ ਦੇਖਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਕਪਿਲ ਸ਼ਰਮਾ ਅਤੇ ਉਨ੍ਹਾਂ ਦੀ ਪਤਨੀ ਗਿੰਨੀ ਚਤਰਥ ਨੇ 7 ਜੁਲਾਈ 2025 ਨੂੰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਸਰੇ ਸ਼ਹਿਰ ’ਚ ‘ਕੈਪਸ ਕੈਫੇ’ ਦਾ ਉਦਘਾਟਨ ਕੀਤਾ ਪਰ ਸਿਰਫ਼ ਤਿੰਨ ਦਿਨ ਬਾਅਦ 9 ਜੁਲਾਈ ਦੀ ਰਾਤ ਨੂੰ ਅਣਪਛਾਤੇ ਹਮਲਾਵਰਾਂ ਨੇ ਕੈਫੇ ’ਤੇ 9 ਤੋਂ 12 ਰਾਊਂਡ ਗੋਲੀਆਂ ਚਲਾਈਆਂ।
Read More : ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਅਹੁਦੇਦਾਰਾਂ ਦਾ ਐਲਾਨ