police cantonment

ਪ੍ਰਧਾਨ ਮੰਤਰੀ ਦੀ ਫੇਰੀ ਨੂੰ ਲੈ ਕੇ ਪੁਲਸ ਛਾਉਣੀ ਬਣਿਆ ਗੁਰਦਾਸਪੁਰ

ਤਿੱਬੜੀ ਕੈਂਟ ਨੇੜਲੇ ਇਲਾਕੇ ’ਚ ਸੁਰੱਖਿਆ ਏਜੰਸੀਆਂ ਨੇ ਰੱਖੀ ਬਾਜ ਵਾਲੀ ਅੱਖ

ਗੁਰਦਾਸਪੁਰ, 9 ਸਤੰਬਰ : ਜ਼ਿਲਾ ਗੁਰਦਾਸਪੁਰ ਅਤੇ ਪਠਾਨਕੋਟ ਸਮੇਤ ਹਿਮਾਚਲ ਦੇ ਵੱਖ-ਵੱਖ ਇਲਾਕਿਆਂ ’ਚ ਹੜ੍ਹਾਂ ਨਾਲ ਹੋਈ ਭਾਰੀ ਤਬਾਹੀ ਦੇ ਚਲਦਿਆਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੁਰਦਾਸਪੁਰ ਫੇਰੀ ਦੇ ਚਲਦਿਆਂ ਅੱਜ ਗੁਰਦਾਸਪੁਰ ਪੁਲਸ ਛਾਉਣੀ ਬਣਿਆ ਰਿਹਾ। ਇਸ ਦੇ ਚਲਦਿਆਂ ਆਰਮੀ ਕੈਂਟ ’ਚ ਪ੍ਰਧਾਨ ਮੰਤਰੀ ਵੱਲੋਂ ਕੀਤੀ ਜਾਣ ਵਾਲੀ ਮੀਟਿੰਗ ਦੇ ਚਲਦਿਆਂ ਅੱਜ ਗੁਰਦਾਸਪੁਰ ਮਕੇਰੀਆਂ ਰੋਡ ’ਤੇ ਜਿੱਥੇ ਪੁਲਸ ਨੇ ਚੱਪੇ ਚੱਪੇ ’ਤੇ ਤਾਇਨਾਤ ਰਹਿ ਕੇ ਪਹਿਰਾ ਦਿੱਤਾ, ਉਸ ਦੇ ਨਾਲ ਹੀ ਸੁਰੱਖਿਆ ਏਜੰਸੀਆਂ ਨੇ ਇਸ ਸਮੁੱਚੇ ਇਲਾਕੇ ਵਿੱਚ ਬਾਜ ਵਾਲੀ ਅੱਖ ਰੱਖੀ।

ਇਸ ਤਹਿਤ ਅੱਜ ਗੁਰਦਾਸਪੁਰ ਜ਼ਿਲੇ ਦੇ ਸਾਰੇ ਐਂਟਰੀ ਪੁਆਇੰਟਾਂ ’ਤੇ ਪੁਲਸ ਨੇ ਸਖਤ ਨਾਕਾਬੰਦੀ ਕਰ ਕੇ ਆਉਣ ਜਾਣ ਵਾਲੇ ਵਾਹਨਾਂ ’ਤੇ ਨਜ਼ਰ ਰੱਖੀ। ਇਸ ਦੇ ਨਾਲ ਹੀ ਗੁਰਦਾਸਪੁਰ ਸਮੇਤ ਹੋਰ ਦਿਹਾਤੀ ਖੇਤਰਾਂ ’ਚ ਵੀ ਪੁਲਸ ਦੀਆਂ ਟੀਮਾਂ ਤਾਇਨਾਤ ਰਹੀਆਂ। ਖਾਸ ਤੌਰ ’ਤੇ ਗੁਰਦਾਸਪੁਰ ਤੋਂ ਮਕੇਰੀਆਂ ਮਾਰਗ ਅਤੇ ਤਿਬੜੀ ਕੈਂਟ ਦੇ ਸਮੁੱਚੇ ਖੇਤਰ ’ਚ ਪੁਲਸ ਨੇ ਪੂਰੀ ਡੂੰਘਾਈ ਨਾਲ ਸੁਰੱਖਿਆ ਪ੍ਰਬੰਧ ਸੰਭਾਲੇ।

ਇਸ ਦੌਰਾਨ ਜਿੱਥੇ ਗੁਰਦਾਸਪੁਰ ਦੇ ਐੱਸ. ਐੱਸ. ਪੀ. ਅਾਦਿੱਤਿਆ ਵੱਲੋਂ ਖੁਦ ਸਾਰੇ ਪ੍ਰਬੰਧਾਂ ਦੀ ਨਿਗਰਾਨੀ ਕੀਤੀ ਗਈ, ਉਸ ਦੇ ਨਾਲ ਹੀ ਪੰਜਾਬ ਅਤੇ ਕੇਂਦਰ ਨਾਲ ਸਬੰਧਤ ਹੋਰ ਸੀਨੀਅਰ ਪੁਲਸ ਅਧਿਕਾਰੀਆਂ ਅਤੇ ਸੁਰੱਖਿਆ ਏਜੰਸੀਆਂ ਦੇ ਸੀਨੀਅਰ ਅਹੁਦੇਦਾਰਾਂ ਨੇ ਵੀ ਗੁਰਦਾਸਪੁਰ ’ਚ ਮੌਜੂਦ ਰਹਿ ਕੇ ਪੂਰੀ ਸਥਿਤੀ ’ਤੇ ਨਜ਼ਰ ਰੱਖੀ।

ਗੁਰਦਾਸਪੁਰ ਜ਼ਿਲੇ ਅੰਦਰ ਬਾਹਰਲੇ ਪੁਲਸ ਜ਼ਿਲਿਆਂ ਦੇ ਮੁਲਾਜ਼ਮ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੂੰ ਵੀ ਤਾਇਨਾਤ ਕੀਤਾ ਗਿਆ, ਜਿਨ੍ਹਾਂ ਵੱਲੋਂ ਅੱਜ ਹਾਈ ਅਲਰਟ ’ਤੇ ਰਹਿ ਕੇ ਪ੍ਰਧਾਨ ਮੰਤਰੀ ਦੀ ਆਮਦ ਮੌਕੇ ਕਿਸੇ ਵੀ ਅਣਸੁਖਾਵੀ ਘਟਨਾ ਨੂੰ ਰੋਕਣ ਲਈ ਹਰ ਤਰ੍ਹਾਂ ਦਾ ਹੀਲਾ ਵਰਤਿਆ।

ਇਸ ਦੌਰਾਨ ਗੁਰਦਾਸਪੁਰ ਮੁਕੇਰੀਆਂ ਸੜਕ ’ਤੇ ਪੂਰਾ ਦਿਨ ਆਵਾਜਾਈ ਆਮ ਦੀ ਤਰ੍ਹਾਂ ਜਾਰੀ ਰਹੀ ਪਰ ਪੁਲਸ ਵੱਲੋਂ ਹਰੇਕ ਆਉਣ ਜਾਣ ਵਾਲੇ ਵਾਹਨ ਅਤੇ ਵਿਅਕਤੀ ’ਤੇ ਪੂਰੀ ਨਿਗਰਾਨੀ ਰੱਖੀ ਗਈ। ਅੱਜ ਪੂਰੇ ਇਲਾਕੇ ਦੌਰਾਨ ਪੁਲਸ ਅਤੇ ਹੋਰ ਸੁਰੱਖਿਆ ਏਜੰਸੀਆਂ ਨੇ ਇਸ ਇਲਾਕੇ ਅੰਦਰ ਚਿੜੀ ਤੱਕ ਨਹੀਂ ਫੜਕਣ ਦਿੱਤੀ ਅਤੇ ਗੁਰਦਾਸਪੁਰ ਦੇ ਹਰੇਕ ਮੁੱਖ ਮਾਰਗ ’ਤੇ ਪੁਲਿਸ ਦੀ ਟੀਮ ਤਾਇਨਾਤ ਰਹੀਆਂ।

ਪ੍ਰਧਾਨ ਮੰਤਰੀ ਦੀ ਮੀਟਿੰਗ ਦੌਰਾਨ ਕੁਝ ਬਹੁਤ ਚੋਣਵੇਂ ਆਗੂਆਂ ਅਤੇ ਕਿਸਾਨਾਂ ਨੂੰ ਹੀ ਮੌਕੇ ’ਤੇ ਜਾਣ ਦਿੱਤਾ। ਪ੍ਰਧਾਨ ਮੰਤਰੀ ਨੇ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਦੇ ਨਾਲ-ਨਾਲ ਕੇਂਦਰ ਅਤੇ ਸਟੇਟ ਨਾਲ ਰਾਹਤ ਟੀਮਾਂ ਦੇ ਅਧਿਕਾਰੀਆਂ ਨਾਲ ਵੀ ਮੀਟਿੰਗ ਕਰ ਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ। ਇਸ ਦੇ ਨਾਲ ਹੀ ਉਨ੍ਹਾਂ ਹਵਾਈ ਸਰਵੇਖਣ ਕਰ ਕੇ ਵੀ ਵੱਖ-ਵੱਖ ਥਾਈਂ ਹੋਏ ਭਾਰੀ ਨੁਕਸਾਨ ਦਾ ਨਿਰੀਖਣ ਕੀਤਾ।

ਪ੍ਰਧਾਨ ਮੰਤਰੀ ਦੀ ਇਸ ਫੇਰੀ ਨੂੰ ਲੈ ਕੇ ਸੁਰੱਖਿਆ ਦੇ ਇੰਨੇ ਪੁਖਤਾ ਪ੍ਰਬੰਧ ਕੀਤੇ ਗਏ ਸਨ ਕਿ ਪ੍ਰਧਾਨ ਮੰਤਰੀ ਦੀ ਆਪਣੀ ਪਾਰਟੀ ਨਾਲ ਸੰਬੰਧਿਤ ਵੀ ਬਹੁਤ ਚੋਣਵੇਂ ਅਤੇ ਸੀਨੀਅਰ ਨੁਮਾਇੰਦਿਆਂ ਨੂੰ ਹੀ ਉਨ੍ਹਾਂ ਤੱਕ ਪਹੁੰਚਣ ਦਿੱਤਾ ਗਿਆ ਜਦੋਂ ਕਿ ਸੁਰੱਖਿਆ ਪ੍ਰੋਟੋਕੋਲ ਦੇ ਮੱਦੇਨਜ਼ਰ ਹੋਰ ਕਿਸੇ ਵੀ ਸਰਕਾਰੀ ਜਾਂ ਰਾਜਸੀ ਨੁਮਾਇੰਦੇ ਨੂੰ ਉਨ੍ਹਾਂ ਦੇ ਨੇੜੇ ਤੇੜੇ ਵੀ ਨਹੀਂ ਜਾਣ ਦਿੱਤਾ ਗਿਆ।

Read More : ਕੈਬਨਿਟ ਮੰਤਰੀ ਹਰਜੋਤ ਬੈਂਸ ਵੱਲੋਂ ਨੰਗਲ ਤੋਂ ‘ ਅਪ੍ਰੇਸ਼ਨ ਰਾਹਤ’ ਦੀ ਸ਼ੁਰੂਆਤ

Leave a Reply

Your email address will not be published. Required fields are marked *