ਵਿਧਾਇਕ ਪੰਡੋਰੀ ਅਤੇ ਚੇਅਰਮੈਨ ਢਿੱਲੋਂ ਨੇ ਕਰਵਾਈ ਕੰਮ ਦੀ ਸ਼ੁਰੂਆਤ
ਸੰਗਰੂਰ, 10 ਜੁਲਾਈ : ਜ਼ਿਲਾ ਸੰਗਰੂਰ ਦੇ ਕਸਬਾ ਸ਼ੇਰਪੁਰ ’ਚ ਸੜਕੀ ਆਵਾਜਾਈ ਨੈੱਟਵਰਕ ਨੂੰ ਹੋਰ ਮਜ਼ਬੂਤ ਕਰਨ ਲਈ ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਅਤੇ ਪੰਜਾਬ ਰਾਜ ਲਘੂ ਉਦਯੋਗ ਨਿਰਯਾਤ ਨਿਗਮ ਦੇ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਨੇ 6 ਸੜਕਾਂ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ ਅਤੇ ਕੰਮ ਦੀ ਸ਼ੁਰੂਆਤ ਕਰਵਾਈ।
ਵਿਧਾਇਕ ਪੰਡੋਰੀ ਅਤੇ ਚੇਅਰਮੈਨ ਢਿੱਲੋਂ ਨੇ ਦੱਸਿਆ ਕਿ ਇਹ ਪਿੰਡ ਹਲਕਾ ਮਹਿਲ ਕਲਾਂ ਵਿਚ ਹੈ ਪਰ ਜ਼ਿਲਾ ਸੰਗਰੂਰ ’ਚ ਪੈਂਦਾ ਹੈ। ਪੰਜਾਬ ਸਰਕਾਰ ਵੱਲੋਂ ਪੇਂਡੂ ਖੇਤਰਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਸ਼ੁਰੂ ਕੀਤੇ ਯਤਨਾਂ ਤਹਿਤ ਇਸ ਇਲਾਕੇ ’ਚ 6 ਸੜਕਾਂ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਇਨ੍ਹਾਂ ਸੜਕਾਂ ’ਚ ਹੇੜੀਕੇ ਤੋਂ ਸਲੇਮਪੁਰ, ਰੰਗੀਆਂ ਤੋਂ ਹੇੜੀਕੇ, ਹੇੜੀਕੇ ਤੋਂ ਝੁਲਾਰ, ਈਨਾਬਾਜਵਾ ਤੋਂ ਹੇੜੀਕੇ, ਖੇੜੀ ਕਲਾਂ ਤੋਂ ਬਾਬਾ ਬਹਿਲੋ ਅਤੇ ਬੜੀ ਤੋਂ ਗੋਬਿੰਦਪੁਰਾ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਇਨ੍ਹਾਂ ਸੜਕਾਂ ਦੀ ਕੁੱਲ ਲੰਬਾਈ 15.21 ਕਿਲੋਮੀਟਰ ਬਣਦੀ ਹੈ, ਜਦਕਿ ਇਨ੍ਹਾਂ ਨੂੰ ਬਣਾਉਣ ’ਤੇ 6 ਕਰੋੜ 10 ਲੱਖ 91 ਹਜ਼ਾਰ ਰੁਪਏ ਦੀ ਲਾਗਤ ਆਵੇਗੀ।
ਨੀਂਹ ਪੱਥਰ ਰੱਖਣ ਸਬੰਧੀ ਰੱਖੇ ਸਮਾਗਮ ਦੌਰਾਨ ਦੋਵਾਂ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਚੋਣ ਵਾਅਦੇ ਪੂਰੇ ਕਰਨ ਲਈ ਅਤੇ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਵਚਨਬੱਧ ਹੈ ਅਤੇ ਮੁਸ਼ਕਲਾਂ ਦੇ ਹੱਲ ਸਬੰਧੀ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਪੰਜਾਬ ਸਰਕਾਰ ਦ੍ਰਿੜ੍ਹ ਇਰਾਦੇ ਨਾਲ ਦਿਨ ਰਾਤ ਇਕ ਕਰ ਕੇ ਪੰਜਾਬ ਦੀ ਤਰੱਕੀ ਲਈ ਕੰਮ ਕਰ ਰਹੀ ਹੈ। ਇਸ ਸੜਕਾਂ ਦੀ ਮੰਗ ਇਲਾਕਾ ਵਾਸੀਆਂ ਵੱਲੋਂ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਸੀ।
ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਨੂੰ ਸਹਿਯੋਗ ਦੇਣ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਇਹ ਸੜਕੀ ਪ੍ਰੋਜੈਕਟ ਤੈਅ ਸਮੇਂ ’ਚ ਪੂਰੇ ਕਰ ਕੇ ਲੋਕ ਅਰਪਿਤ ਕੀਤੇ ਜਾਣਗੇ। ਇਸ ਮੌਕੇ ਰਾਜਵਿੰਦਰ ਸਿੰਘ ਰਾਜ ਚੇਅਰਮੈਨ ਮਾਰਕੀਟ ਕਮੇਟੀ ਸ਼ੇਰਪੁਰ, ਸਰਪੰਚ ਗਗਨਦੀਪ ਸਿੰਘ ਘਨੋਰੀ ਖੁਰਦ, ‘ਆਪ’ ਆਗੂ ਹੈਪੀ ਔਲਖ ਅਤੇ ਹੋਰ ਲੋਕ ਵੱਡੀ ਗਿਣਤੀ ਵਿਚ ਹਾਜ਼ਰ ਸਨ।