ਵਾਰਦਾਤ ’ਚ ਵਰਤਿਆ ਰਿਵਾਲਵਰ ਵੀ ਬਰਾਮਦ
ਸ੍ਰੀ ਅਨੰਦਪੁਰ ਸਾਹਿਬ, 30 ਅਕਤੂਬਰ : ਬੀਤੇ ਦਿਨ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨਿਤਿਨ ਨੰਦਾ ਨੂੰ ਗੋਲੀਆਂ ਮਾਰ ਕੇ ਜ਼ਖਮੀ ਕਰਨ ਵਾਲੇ ਸਾਬਕਾ ਡੀ. ਐੱਸ. ਪੀ. ਦਿਲਸ਼ੇਰ ਸਿੰਘ ਰਾਣਾ ਨੂੰ ਅੱਜ ਅਦਾਲਤ ਵਿਚ ਸਰੰਡਰ ਕਰਨ ਜਾਂਦੇ ਸਮੇਂ ਪੁਲਸ ਨੇ ਗ੍ਰਿਫਤਾਰ ਕਰ ਕੇ ਉਸ ਕੋਲੋਂ ਵਾਰਦਾਤ ’ਚ ਵਰਤਿਆ ਰਿਵਾਲਵਰ ਵੀ ਬਰਾਮਦ ਕਰ ਲਿਆ ਹੈ।
ਇਸ ਸਬੰਧੀ ਜ਼ਿਲਾ ਪੁਲਸ ਮੁਖੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਬੀਤੇ ਦਿਨੀਂ ਇਕ ਵਿਆਹ ਸਮਾਗਮ ਦੌਰਾਨ ਪਿੰਡ ਅਗੰਮਪੁਰ ਦੇ ਵਾਸੀ ਅਤੇ ਆਮ ਆਦਮੀ ਪਾਰਟੀ ਦੇ ਆਗੂ ਨਿਤਿਨ ਨੰਦਾ ਨੂੰ ਚੰਡੀਗੜ੍ਹ ਪੁਲਸ ਦੇ ਸਾਬਕਾ ਡੀ. ਐੱਸ. ਪੀ. ਦਿਲਸ਼ੇਰ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਪਿੰਡ ਅਗੰਮਪੁਰ ਨੇ ਸਾਥੀਆਂ ਨਾਲ ਮਿਲ ਕੇ ਗੋਲੀਆਂ ਮਾਰ ਦਿੱਤੀਆਂ ਸੀ ਅਤੇ ਮੌਕੇ ਤੋਂ ਫਰਾਰ ਹੋ ਗਿਆ ਸੀ, ਜਿਸ ਨੂੰ ਗ੍ਰਿਫਤਾਰ ਕਰਨ ਲਈ ਵੱਖ-ਵੱਖ ਪੁਲਸ ਪਾਰਟੀਆਂ ਬਣਾ ਕੇ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਸੀ।
ਪੁਲਸ ਪਾਰਟੀ ਨੂੰ ਅੱਜ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਵਾਰਦਾਤ ਦਾ ਮੁੱਖ ਦੋਸ਼ੀ ਦਿਲਸ਼ੇਰ ਸਿੰਘ, ਜੋ ਮਾਣਯੋਗ ਅਦਾਲਤ ਵਿਚ ਸਰੰਡਰ ਕਰਨ ਜਾ ਰਿਹਾ ਸੀ, ਨੂੰ ਪੁਲਸ ਪਾਰਟੀ ਵੱਲੋਂ ਕਾਬੂ ਕਰ ਲਿਆ ਗਿਆ ਅਤੇ ਉਸ ਪਾਸੋਂ ਵਾਰਦਾਤ ਸਮੇਂ ਵਰਤਿਆ 32 ਬੋਰ ਦਾ ਰਿਵਾਲਵਰ, 7 ਜ਼ਿੰਦਾ ਕਾਰਤੂਸ ਅਤੇ 3 ਖਾਲੀ ਖੋਲ ਬਰਾਮਦ ਕੀਤੇ ਗਏ।
ਉਨ੍ਹਾਂ ਅੱਗੇ ਦੱਸਿਆ ਕਿ ਨਿਤਿਨ ਨੰਦਾ ਦੇ ਭਰਾ ਹਰੀ ਕ੍ਰਿਸ਼ਨ ਨੰਦਾ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ ’ਤੇ ਦਿਲਸ਼ੇਰ ਸਿੰਘ ਪੁੱਤਰ ਪ੍ਰੇਮ ਸਿੰਘ, ਰਣ ਬਹਾਦਰ ਸਿੰਘ ਪੁੱਤਰ ਪ੍ਰੇਮ ਸਿੰਘ, ਰਾਮ ਸਿੰਘ ਪੁੱਤਰ ਗੁਲਜ਼ਾਰ ਸਿੰਘ, ਡਾਕਟਰ ਅਜੇ ਰਾਣਾ ਸਾਰੇ ਪਿੰਡ ਅਗੰਮਪੁਰ ਅਤੇ 2 ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
Read More : ਝੋਨੇ ਦੀ ਖਰੀਦ ਦੇ ਬਦਲੇ ਕਿਸਾਨਾਂ ਦੇ ਖਾਤਿਆਂ ’ਚ 21000 ਕਰੋੜ ਰਾਸ਼ੀ ਕੀਤੀ ਟਰਾਂਸਫ਼ਰ

