ਦਸਤਾਰਧਾਰੀ ਗਾਇਕ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ : ਕਾਲਕਾ, ਕਾਹਲੋਂ
ਅੰਮ੍ਰਿਤਸਰ, 28 ਜੂਨ :- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬੀ ਦੇ ਮਸ਼ਹੂਰ ਗਾਇਕ ਦਿਲਜੀਤ ਦੁਸਾਂਝ ਦੀ ਫਿਲਮ ‘ਸਰਦਾਰ ਜੀ 3’ ਨੂੰ ਲੈ ਕੇ ਖੜ੍ਹੇ ਹੋਏ ਅਖੌਤੀ ਵਿਵਾਦ ਦੇ ਮਾਮਲੇ ਵਿਚ ਗਾਇਕ ਦੀ ਪਿੱਠ ਥਾਪੜਦਿਆਂ ਕਿਹਾ ਹੈ ਕਿ ਦਸਤਾਰਧਾਰੀ ਗਾਇਕ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਨਹੀਂ ਹੋਣੀ ਚਾਹੀਦੀ ਹੈ। ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਦਿਲਜੀਤ ਦੁਸਾਂਝ ਨੇ ਦੁਨੀਆਭਰ ਵਿਚ ਪੰਜਾਬੀਆਂ ਦਾ ਨਾਂ ਉੱਚਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਨਾਂ ’ਤੇ ਬੇਲੋੜਾ ਵਿਵਾਦ ਖੜ੍ਹਾ ਨਹੀਂ ਹੋਣਾ ਚਾਹੀਦਾ।
ਉਨ੍ਹਾਂ ਕਿਹਾ ਕਿ ਜਿਵੇਂ ਕਿ ਕੁਝ ਸੰਗਠਨ ਉਨ੍ਹਾਂ ’ਤੇ ਪਾਬੰਦੀ ਦੀ ਮੰਗ ਕਰ ਰਹੇ ਹਨ ਤਾਂ ਉਹ ਇਹ ਕਹਿਣਾ ਚਾਹੁੰਦੇ ਹਨ ਕਿ ਨੈੱਟਫਲਿਕਸ ਤੇ ਪ੍ਰਾਈਮ ਸਮੇਤ ਅਨੇਕਾਂ ਕੌਮਾਂਤਰੀ ਪਲੇਟਫਾਰਮਾਂ ’ਤੇ ਦਿਖਾਏ ਜਾਂਦੇ ਪਾਕਿਸਤਾਨੀ ਕੰਟੈਂਟ ’ਤੇ ਵੀ ਪਾਬੰਦੀ ਲੱਗਣੀ ਚਾਹੀਦੀ ਹੈ ਅਤੇ ਸਿਰਫ ਇਕਪਾਸੜ ਗੱਲ ਨਹੀਂ ਕੀਤੀ ਜਾਣੀ ਚਾਹੀਦੀ।
ਉਨ੍ਹਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਦਿਲਜੀਤ ਦੁਸਾਂਝ ਨੇ ਪੰਜਾਬੀ ਮਾਂ ਬੋਲੀ ਤੇ ਦਸਤਾਰ ਦੇ ਮਾਣ ਨੂੰ ਕੋਚੀਲਾ ਸਮੇਤ ਕੌਮਾਂਤਰੀ ਪਲੇਟਫਾਰਮਾਂ ’ਤੇ ਪਹੁੰਚਾਇਆ ਹੈ, ਉਸ ਦਾ ਕੋਈ ਸਾਨੀ ਨਹੀਂ ਹੈ। ਸਾਨੂੰ ਅਜਿਹੇ ਗਾਇਕਾਂ ’ਤੇ ਮਾਣ ਹੋਣਾ ਚਾਹੀਦਾ ਹੈ ਨਾ ਕਿ ਉਨ੍ਹਾਂ ਦਾ ਬੇਲੋੜਾ ਵਿਰੋਧ ਕਰਨਾ ਚਾਹੀਦਾ ਹੈ। ਦਸਤਾਰਧਾਰੀ ਸਿੱਖ ਦੀ ਇੰਨੀ ਚੜ੍ਹਾਈ ਪਹਿਲਾਂ ਕਦੇ ਵੀ ਵੇਖਣ ਨੂੰ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਦਿਲਜੀਤ ਦੁਸਾਂਝ ਭਾਰਤ ਦਾ ਮਾਣ ਹਨ ਤੇ ਹਮੇਸ਼ਾ ਰਹਿਣਗੇ ਅਤੇ ਇਸ ਕਿਸਮ ਦੇ ਬੇਲੋੜਦੇ ਵਿਵਾਦ ਤੋਂ ਬਚਣਾ ਚਾਹੀਦਾ ਹੈ।
Read More : 7 ਪਿੰਡਾਂ ਦਾ ਸੰਪਰਕ ਭਾਰਤ ਨਾਲੋਂ ਟੁੱਟਿਆ