flood affected villages

ਡੀ.ਸੀ. ਵੱਲੋਂ ਮੀਂਹ ‘ਚ ਘਨੌਰ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਰਾਹਤ ਪ੍ਰਬੰਧਾਂ ਦਾ ਜਾਇਜ਼ਾ

– ਪੰਜਾਬ ਸਰਕਾਰ ਹੜ੍ਹ ਪ੍ਰਭਾਵਿਤ ਲੋਕਾਂ ਦੇ ਨਾਲ ਖੜ੍ਹੀ : ਡਾ ਪ੍ਰੀਤੀ ਯਾਦਵ

– ਅਧਿਕਾਰੀਆਂ ਨੂੰ ਰਾਹਤ ਕਾਰਜਾਂ ‘ਚ ਤੇਜ਼ੀ ਲਿਆਉਣ ਦੇ ਨਿਰਦੇਸ਼

ਪਟਿਆਲਾ, 6 ਸਤੰਬਰ : ਡਿਪਟੀ ਕਮਿਸ਼ਨਰ ਪਟਿਆਲਾ, ਡਾ. ਪ੍ਰੀਤੀ ਯਾਦਵ ਨੇ ਜ਼ਮੀਨੀ ਸਥਿਤੀ ਦਾ ਜਾਇਜ਼ਾ ਲੈਣ ਲਈ ਵਰ੍ਹਦੇ ਮੀਂਹ ਵਿੱਚ ਅੱਜ ਸ਼ਾਮ ਘਨੌਰ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਸਰਾਲਾ ਕਲਾਂ ਅਤੇ ਸਰਾਲਾ ਖੁਰਦ ਦਾ ਦੌਰਾ ਕੀਤਾ ਅਤੇ ਸਥਾਨਕ ਨਿਵਾਸੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਸੜਕਾਂ, ਘਰਾਂ, ਫਸਲਾਂ ਅਤੇ ਹੋਰ ਬੁਨਿਆਦੀ ਢਾਂਚੇ ਨੂੰ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਅਤੇ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਜ਼ਿਲ੍ਹਾ ਪ੍ਰਸ਼ਾਸਨ ਹੜ੍ਹ ਤੋਂ ਬਾਅਦ ਰਾਹਤ ਅਤੇ ਪੁਨਰਵਾਸ ਲਈ ਸਰਗਰਮੀ ਨਾਲ ਕੰਮ ਕਰ ਰਿਹਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਹੜ੍ਹ ਪ੍ਰਭਾਵਿਤ ਲੋਕਾਂ ਦੇ ਨਾਲ ਖੜ੍ਹੀ ਹੈ।ਉਨ੍ਹਾਂ ਕਿਹਾ ਕਿ ਸਬੰਧਤ ਅਧਿਕਾਰੀਆਂ ਨੂੰ ਰਾਹਤ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਗਏ ਹਨ।ਡਿਪਟੀ ਕਮਿਸ਼ਨਰ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਨੁਕਸਾਨੀਆਂ ਸੜਕਾਂ ਦੀ ਮੁਰੰਮਤ ਅਤੇ ਹੋਰ ਮੁੜਵਸੇਬਾ ਪ੍ਰਬੰਧਾਂ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਨਿਰੰਤਰ ਉਪਰਾਲੇ ਕਰ ਰਿਹਾ ਹੈ।

ਡਾ. ਪ੍ਰੀਤੀ ਯਾਦਵ ਨੇ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਰੈੱਡ ਕਰਾਸ ਸੋਸਾਇਟੀ, ਪਟਿਆਲਾ ਦੇ ਤਾਲ-ਮੇਲ ਨਾਲ ਪਿੰਡ ਮਰਦਾਂਪੁਰ ਵਿਖੇ ਸਥਾਪਤ ਰਾਹਤ ਕੇਂਦਰ ਦਾ ਵੀ ਦੌਰਾ ਕੀਤਾ। ਉਨ੍ਹਾਂ ਉੱਥੇ ਰਹਿ ਰਹੇ ਪਰਿਵਾਰਾਂ ਨਾਲ ਗੱਲਬਾਤ ਕੀਤੀ ਜਿਨ੍ਹਾਂ ਦੇ ਘਰਾਂ ਨੂੰ ਨੁਕਸਾਨ ਪਹੁੰਚਿਆ ਸੀ। ਪਿੰਡ ਵਾਸੀਆਂ ਨੇ ਸਮੇਂ ਸਿਰ ਸਹਾਇਤਾ ਅਤੇ ਰਾਹਤ ਪ੍ਰਦਾਨ ਕਰਨ ਲਈ ਡਿਪਟੀ ਕਮਿਸ਼ਨਰ ਦਾ ਧੰਨਵਾਦ ਕੀਤਾ। ਉਨ੍ਹਾਂ ਦੇ ਨਾਲ ਐਸਡੀਐਮ ਅਵਿਕੇਸ਼ ਗੁਪਤਾ, ਸੀਐਮਐਫਓ ਸਤੀਸ਼ ਚੰਦਰ, ਡੀਐਸਪੀ ਹਰਮਨ ਚੀਮਾ, ਰੈੱਡ ਕਰਾਸ ਸਕੱਤਰ ਡਾ. ਪ੍ਰਿਤਪਾਲ ਸਿੰਘ ਅਤੇ ਹੋਰ ਅਧਿਕਾਰੀ ਮੌਜੂਦ ਸਨ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਰਾਹਤ ਦੀ ਗੱਲ ਹੈ ਕਿ ਘਨੌਰ ਖੇਤਰ ਵਿੱਚ ਘੱਗਰ ਦਰਿਆ ਦੇ ਪਾਣੀ ਦਾ ਪੱਧਰ ਘੱਟ ਰਿਹਾ ਹੈ ਅਤੇ ਹੜ੍ਹ ਦਾ ਪਾਣੀ ਖੇਤਾਂ ਵਿੱਚੋਂ ਨਿਕਲਣਾ ਸ਼ੁਰੂ ਹੋ ਗਿਆ ਹੈ। ਹਾਲਾਂਕਿ ਅਸੀਂ ਸ਼ੁਤਰਾਣਾ ਵਿੱਚ ਟਾਂਗਰੀ, ਮਾਰਕੰਡਾ ਅਤੇ ਘੱਗਰ ਦਰਿਆਵਾਂ ਦੇ ਵਧਦੇ ਪਾਣੀ ਦੇ ਪੱਧਰ ਨਾਲ ਨਜਿੱਠਣ ਲਈ ਕੰਮ ਕਰ ਰਹੇ ਹੈ, ਜਿੱਥੇ ਟੀਮਾਂ ਹਾਈ ਅਲਰਟ ‘ਤੇ ਹਨ।

ਡਾ. ਪ੍ਰੀਤੀ ਯਾਦਵ ਨੇ ਕਿਹਾ, ÷ਸਾਡੀਆਂ ਟੀਮਾਂ, ਫੌਜ, ਐਨਡੀਆਰਐਫ ਅਤੇ ਸਥਾਨਕ ਨਿਵਾਸੀਆਂ ਦੇ ਸਹਿਯੋਗ ਨਾਲ, ਲੋਕਾਂ ਦੀ ਜਾਨ-ਮਾਲ ਦੀ ਰੱਖਿਆ ਸਮੇਤ ਬੰਨ੍ਹਾਂ ਨੂੰ ਮਜ਼ਬੂਤ ਕਰਨ ਅਤੇ ਸਮੇਂ ਸਿਰ ਰਾਹਤ ਪ੍ਰਦਾਨ ਕਰਨ ਲਈ 24 ਘੰਟੇ ਕੰਮ ਕਰ ਰਹੀਆਂ ਹਨ।

ਉਨ੍ਹਾਂ ਐਸਡੀਐਮ ਅਵਿਕੇਸ਼ ਗੁਪਤਾ ਨੂੰ ਹਾਦਸਿਆਂ ਨੂੰ ਰੋਕਣ ਲਈ ਨੁਕਸਾਨੀਆਂ ਗਈਆਂ ਸੜਕਾਂ ‘ਤੇ ਚੇਤਾਵਨੀ ਚਿੰਨ੍ਹ ਲਗਾਉਣ ਦੇ ਨਿਰਦੇਸ਼ ਦਿੱਤੇ ਨਾਲ ਹੀ ਸਿਵਲ ਸਰਜਨ ਅਤੇ ਡਿਪਟੀ ਡਾਇਰੈਕਟਰ, ਪਸ਼ੂ ਪਾਲਣ ਨੂੰ ਪ੍ਰਭਾਵਿਤ ਖੇਤਰਾਂ ਵਿੱਚ ਤੁਰੰਤ ਲੋੜੀਂਦੀ ਡਾਕਟਰੀ ਅਤੇ ਵੈਟਰਨਰੀ ਸੇਵਾਵਾਂ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।

ਨਦੀਆਂ ਵਿੱਚ ਚੜ੍ਹੇ ਪਾਣੀ ਦੇ ਨੇੜੇ ਨਾ ਜਾਣ ਦੀ ਅਪੀਲ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੁਧਨਸਾਧਾਂ ਦੇ ਪਿੰਡ ਅਹਿਰੂ ਖੁਰਦ ਦੇ ਪੰਜ ਬੱਚਿਆਂ ਵੱਲੋਂ ਹਰਿਆਣਾ ਦੇ ਪਿੰਡ ਭੂਨੀ ਵਿਖੇ ਟਾਂਗਰੀ ਨਦੀ ਨਹਾਉਣ ਸਮੇਂ ਇੱਕ ਬੱਚੇ ਦੇ ਤੇਜ ਪਾਣੀ ਵਿੱਚ ਰੁੜਨ ਦੀ ਮੰਦਭਾਗੀ ਘਟਨਾ ਦੇ ਹਵਾਲੇ ਨਾਲ ਕਿਹਾ ਕਿਹਾ ਕਿ ਲੋਕਾਂ ਨੂੰ ਖੁਦ ਤੇ ਆਪਣੇ ਮਵੇਸ਼ੀਆਂ ਨੂੰ ਨਦੀਆਂ ਤੋਂ ਦੂਰ ਰਹਿਣਾ ਚਾਹੀਦਾ ਹੈ।

Read More : ਸਤਲੁਜ ਦਾ ਬੰਨ੍ਹ ਟੁੱਟਣ ਕਿਨਾਰੇ, ਲੁਧਿਆਣਾ ਦੇ ਕਈ ਪਿੰਡਾਂ ਦੇ ਲੋਕ ਘਬਰਾਏ

Leave a Reply

Your email address will not be published. Required fields are marked *