ਜਿਮਨੇਜ਼ੀਅਮ ਹਾਲ ਦੇ ਨਵੀਨੀਕਰਨ ਅਤੇ ਪੋਲੋਂ ਗਰਾਊਂਡ ਦੀ ਸਾਫ਼ ਸਫ਼ਾਈ ਦਾ ਲਿਆ ਜਾਇਜ਼ਾ
ਜਨਤਕ ਸਥਾਨਾਂ ’ਤੇ ਲੋਕਾਂ ਨੂੰ ਮਿਲਣ ਵਾਲੀਆਂ ਸਹੂਲਤਾਂ ’ਚ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ : ਡਾ. ਪ੍ਰੀਤੀ ਯਾਦਵ
ਪਟਿਆਲਾ, 4 ਜੂਨ :- ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵੱਲੋਂ ਜਨਤਕ ਸਥਾਨਾਂ ਦੀ ਗਰਾਊਂਡ ਜ਼ੀਰੋ ਤੋਂ ਰਿਪੋਰਟ ਲੈਣ ਦੇ ਮਕਸਦ ਨਾਲ ਬਾਰਾਂਦਰੀ ਬਾਗ ਤੇ ਪੋਲੋ ਗਰਾਊਂਡ ਦਾ ਅੱਜ ਸ਼ਾਮ ਅਚਨਚੇਤ ਨਿਰੀਖਣ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਨਗਰ ਨਿਗਮ ਦੇ ਕਮਿਸ਼ਨਰ ਪਰਮਵੀਰ ਸਿੰਘ ਤੇ ਵਧੀਕ ਡਿਪਟੀ ਕਮਿਸ਼ਨਰ (ਜ) ਇਸ਼ਾ ਸਿੰਗਲ ਵੀ ਮੌਜੂਦ ਸਨ।
ਇਸ ਦੌਰਾਨ ਡਾ. ਪ੍ਰੀਤੀ ਯਾਦਵ ਨੇ ਰਾਜਾ ਭÇਲੰਦਰ ਸਿੰਘ ਖੇਡ ਸਟੇਡੀਅਮ ਵਿਖੇ ਜਿਮਨੇਜ਼ੀਅਮ ਹਾਲ ਦੇ ਹੋਏ ਨਵੀਨੀਕਰਨ ਦੇ ਕੰਮ ਦਾ ਜਾਇਜ਼ਾ ਲੈਣ ਸਮੇਤ ਪੋਲੋ ਗਰਾਊਂਡ ਦੀ ਸਾਫ਼ ਸਫ਼ਾਈ ਅਤੇ ਵਿਸ਼ੇਸ਼ ਤੌਰ ’ਤੇ ਬਾਥਰੂਮਾਂ ਦੀ ਸਫ਼ਾਈ ਦਾ ਜਾਇਜ਼ਾ ਲੈਂਦਿਆਂ ਜ਼ਿਲਾ ਖੇਡ ਅਫ਼ਸਰ ਨੂੰ ਹਦਾਇਤ ਕੀਤੀ ਕਿ ਪੋਲੋ ਗਰਾਊਂਡ ਵਿਖੇ ਰੋਜ਼ਾਨਾਂ ਹਜ਼ਾਰਾਂ ਦੀ ਗਿਣਤੀ ’ਚ ਖੇਡਣ ਆਉਣ ਵਾਲੇ ਖਿਡਾਰੀਆਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਪੋਲੋ ਗਰਾਊਂਡ ਦੀ ਮੈਨਟੇਨੈਂਸ ਲਈ ਹੋਰ ਵਿਅਕਤੀ ਰੱਖਣ ਲਈ ਕਾਰਵਾਈ ਅਰੰਭਣ ਲਈ ਵੀ ਕਿਹਾ।
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਬਾਰਾਂਦਰੀ ਬਾਗ ਦਾ ਨਿਰੀਖਣ ਕਰਦਿਆਂ ਨਗਰ ਨਿਗਮ ਕਮਿਸ਼ਨਰ ਨੂੰ ਵਾਤਾਵਰਣ ਸੁਧਾਰ ਪ੍ਰੋਜੈਕਟ ਅਧੀਨ ਨੈਸ਼ਨਲ ਕਲੀਨ ਏਅਰ ਪ੍ਰੋਗਰਾਮ (ਐਨਕੈਪ) ਤਹਿਤ ਬਾਰਾਂਦਰੀ ਬਾਗ ਦੇ ਸੁੰਦਰੀਕਰਨ ਲਈ ਤਿਆਰ ਕੀਤੀ ਯੋਜਨਾ ਨੂੰ ਅਮਲੀਜਾਮਾ ਪਹਿਨਾਉਣ ਲਈ ਕੰਮ ਸ਼ੁਰੂ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਬਾਰਾਂਦਰੀ ਬਾਗ ’ਚ ਲੱਗੇ ਫੁਹਾਰਿਆਂ, ਲਾਈਟਾਂ ਸਮੇਤ ਬੈਂਬੂ ਹਟਸ, ਸ਼ਹਿਰ ਵਾਸੀਆਂ ਦੀ ਸਹੂਲਤ ਲਈ ਬੈਠਣ ਤੇ ਸੈਰ ਕਰਨ ਲਈ ਬਿਹਤਰ ਪ੍ਰਬੰਧ ਕੀਤੇ ਜਾਣ।
ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਪਟਿਆਲਾ ਜ਼ਿਲ੍ਹੇ ਦੀਆਂ ਜਨਤਕ ਥਾਵਾਂ ਦੀ ਗਰਾਊਂਡ ਜ਼ੀਰੋ ਤੋਂ ਰਿਪੋਰਟ ਲੈਣ ਲਈ ਅਚਨਚੇਤ ਦੌਰੇ ਅੱਗੋਂ ਵੀ ਕੀਤੇ ਜਾਣਗੇ ਤਾਂ ਜੋ ਜਿਥੇ ਕਿੱਤੇ ਵੀ ਕੋਈ ਕੰਮੀ ਹੈ, ਉਸ ਨੂੰ ਸੁਧਾਰ ਕੇ ਲੋਕਾਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣ। ਉਨ੍ਹਾਂ ਕਿਹਾ ਕਿ ਅੱਜ ਪਟਿਆਲਾ ਦੇ ਦੋ ਅਜਿਹੇ ਸਥਾਨਾਂ ਦਾ ਨਿਰੀਖਣ ਕੀਤਾ ਗਿਆ ਹੈ ਜਿਥੇ ਰੋਜ਼ਾਨਾਂ ਹਜ਼ਾਰਾਂ ਦੀ ਗਿਣਤੀ ’ਚ ਸ਼ਹਿਰ ਵਾਸੀ ਆਉਂਦੇ ਹਨ।
ਉਨ੍ਹਾਂ ਕਿਹਾ ਕਿ ਜਨਤਕ ਸਥਾਨਾਂ ’ਤੇ ਲੋਕਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਵਿਚ ਜੇਕਰ ਕਿਸੇ ਕਿਸਮ ਦੀ ਅਣਗਹਿਲੀ ਪਾਈ ਗਈ ਤਾਂ ਸਬੰਧਤ ਵਿਭਾਗ ਦੇ ਅਧਿਕਾਰੀਆਂ ਖਿਲਾਫ਼ ਸਖਤ ਕਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
Read More : ਘੱਲੂਘਾਰੇ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ
