ਵਿਜੀਲੈਂਸ ਜਾਂਚ ਤੋਂ ਬਾਅਦ ਐੱਸ. ਐੱਮ. ਓ. ਸਮੇਤ 3 ਸਿਹਤ ਮੁਲਾਜ਼ਮ ਮੁਅੱਤਲ
ਬਠਿੰਡਾ, 30 ਜੂਨ :-ਸਿਵਲ ਹਸਪਤਾਲ ਬਠਿੰਡਾ ’ਚ ਲੱਖਾਂ ਰੁਪਏ ਦੇ ਤੇਲ ਘਪਲੇ ਦੀ ਵਿਜੀਲੈਂਸ ਜਾਂਚ ਤੋਂ ਬਾਅਦ ਹੁਣ ਸਿਹਤ ਵਿਭਾਗ ਵੀ ਹਰਕਤ ਵਿਚ ਆ ਗਿਆ ਹੈ। ਵਿਭਾਗ ਨੇ ਸਿਵਲ ਹਸਪਤਾਲ ਦੇ ਤਤਕਾਲੀ ਐੱਸ. ਐੱਮ. ਓ., ਸੀਨੀਅਰ ਸਹਾਇਕ ਸੀਨਮ ਅਤੇ ਕੰਪਿਊਟਰ ਆਪ੍ਰੇਟਰ ਜਗਜੀਤ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। ਹਾਲਾਂਕਿ ਵਿਭਾਗ ਨੇ ਕਿਹਾ ਹੈ ਕਿ ਇਹ ਫੈਸਲਾ ਪ੍ਰਸ਼ਾਸਕੀ ਕਾਰਨਾਂ ਕਰਕੇ ਲਿਆ ਹੈ ਪਰ ਅੰਦਰੂਨੀ ਤੌਰ ’ਤੇ ਇਸ ਕਾਰਵਾਈ ਨੂੰ ਸਿੱਧੇ ਤੌਰ ’ਤੇ ਤੇਲ ਘਪਲੇ ਨਾਲ ਜੋੜਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਇਸ ਕਥਿਤ ਘਰਲੇ ਦੀ ਸ਼ਿਕਾਇਤ ਪਿੰਡ ਘੁੱਦਾ ਦੇ ਵਸਨੀਕ ਹਰਤੇਜ ਸਿੰਘ ਭੁੱਲਰ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਡੀ. ਜੀ. ਪੀ. ਵਿਜੀਲੈਂਸ ਨੂੰ ਕੀਤੀ ਸੀ। ਸ਼ਿਕਾਇਤ ’ਚ ਦੱਸਿਆ ਗਿਆ ਸੀ ਕਿ ਤਤਕਾਲੀ ਐੱਸ. ਐੱਮ. ਓ. ਅਤੇ ਹੋਰ ਕਰਮਚਾਰੀਆਂ ਨੇ ਮਿਲ ਕੇ ਲੱਗਭਗ 30 ਲੱਖ ਰੁਪਏ ਦਾ ਤੇਲ ਘਪਲਾ ਕੀਤਾ ਸੀ।
ਦੋਸ਼ ਹੈ ਕਿ ਡੀਜ਼ਲ ਅਤੇ ਪੈਟਰੋਲ ਦੇ ਜਾਅਲੀ ਬਿੱਲ ਪਾਸ ਕੀਤੇ ਗਏ ਸਨ ਅਤੇ ਉਨ੍ਹਾਂ ਵਾਹਨਾਂ ’ਚ ਤੇਲ ਦਿਖਾਇਆ ਗਿਆ ਸੀ ਜੋ ਹਸਪਤਾਲ ’ਚ ਵੀ ਨਹੀਂ ਹਨ। ਕੁਝ ਵਾਹਨਾਂ ਦੀਆਂ ਨੰਬਰ ਪਲੇਟਾਂ ਵੀ ਰਿਕਾਰਡ ਵਿਚ ਨਹੀਂ ਮਿਲੀਆਂ।
ਹਰਤੇਜ ਸਿੰਘ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ 2 ਅਪ੍ਰੈਲ 2025 ਨੂੰ ਸਿਹਤ ਮੰਤਰੀ ਡਾ. ਬਲਵੀਰ ਸਿੰਘ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ, ਜਿਸ ਤੋਂ ਬਾਅਦ ਤਿੰਨ ਮੈਂਬਰੀ ਜਾਂਚ ਕਮੇਟੀ ਸਿਵਲ ਹਸਪਤਾਲ ਆਈ ਅਤੇ ਮਾਮਲੇ ਦੀ ਜਾਂਚ ਕੀਤੀ। ਜਾਂਚ ’ਚ ਦੋਸ਼ਾਂ ਦੀ ਪੁਸ਼ਟੀ ਹੋਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ’ਤੇ ਉਨ੍ਹਾਂ ਵਿਜੀਲੈਂਸ ਵਿਭਾਗ ਦੇ ਡਾਇਰੈਕਟਰ ਨੂੰ ਸ਼ਿਕਾਇਤ ਭੇਜੀ, ਜਿਨ੍ਹਾਂ ਦੇ ਨਿਰਦੇਸ਼ਾਂ ’ਤੇ ਬਠਿੰਡਾ ਵਿਜੀਲੈਂਸ ਬਿਊਰੋ ਨੇ ਹੁਣ ਜਾਂਚ ਸ਼ੁਰੂ ਕਰ ਦਿੱਤੀ ਹੈ।
ਹਰਤੇਜ ਸਿੰਘ ਦਾ ਦਾਅਵਾ ਹੈ ਕਿ ਹਸਪਤਾਲ ’ਚ ਡੋਪ ਟੈਸਟਾਂ ਅਤੇ ਮਰੀਜ਼ਾਂ ਦੀਆਂ ਸਲਿੱਪਾਂ ਨਾਲ ਸਬੰਧਤ ਕੰਮ ’ਚ ਵੱਡੇ ਪੱਧਰ ’ਤੇ ਵਿੱਤੀ ਬੇਨਿਯਮੀਆਂ ਹੋਈਆਂ ਹਨ। ਸੂਤਰਾਂ ਦੀ ਮੰਨੀਏ ਤਾਂ ਵਿਜੀਲੈਂਸ ਟੀਮ ਨੇ ਸਿਵਲ ਹਸਪਤਾਲ ਨਾਲ ਸਬੰਧਤ ਕਈ ਦਸਤਾਵੇਜ਼ ਜ਼ਬਤ ਕਰ ਲਏ ਹਨ ਅਤੇ ਅਗਲੀ ਜਾਂਚ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
Read More : ਅੰਤਰਰਾਸ਼ਟਰੀ ਡਰੱਗ ਕਾਰਟਿਲ ਦਾ ਪਰਦਾਫਾਸ਼