Badmash shot

ਬਦਮਾਸ਼ ਨੇ ਪੁਲਿਸ ’ਤੇ ਚਲਾਈਆਂ ਗੋਲੀਆਂ

ਪੁਲਿਸ ਦੀ ਜਵਾਬੀ ਕਾਰਵਾਈ ਮੁਲਜ਼ਮ ਗੋਲੀ ਲੱਗਣ ਨਾਲ ਜ਼ਖਮੀ

ਗੁਰਦਾਸਪੁਰ, 22 ਜੁਲਾਈ : ਜ਼ਿਲਾ ਗੁਰਦਾਸਪੁਰ ਵਿਚ ਮੰਗਲਵਾਰ ਨੂੰ ਸਵੇਰੇ-ਸਵੇਰੇ ਪੁਲਿਸ ਅਤੇ ਬਦਮਾਸ਼ ਵਿਚਕਾਰ ਗੋਲੀਬਾਰੀ ਹੋਈ। ਇਸ ਦੌਰਾਨ ਮੁਲਜ਼ਮ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ, ਜਿਸਨੂੰ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।

ਜਾਣਕਾਰੀ ਅਨੁਸਾਰ ਬੀਤੇ ਦਿਨੀਂ ਗੁਰਦਾਸਪੁਰ ਵਿਚ ਪੰਜਾਬ ਵਾਚ ਹਾਊਸ ਦੀ ਦੁਕਾਨ ‘ਤੇ ਗੋਲੀਬਾਰੀ ਦੀ ਹੋਈ ਘਟਨਾ ਤੋਂ ਬਾਅਦ ਪੁਲਿਸ ਚੌਕਸ ਸੀ ਅਤੇ ਮੁਲਜ਼ਮਾਂ ਦੀ ਭਾਲ ਵਿਚ ਵੱਖ-ਵੱਖ ਥਾਵਾਂ ‘ਤੇ ਨਾਕੇ ਲਗਾ ਕੇ ਚੈਕਿੰਗ ਕੀਤੀ ਜਾ ਰਹੀ ਸੀ। ਅੱਜ ਸਵੇਰੇ ਪੁਲਿਸ ਟੀਮ ਨੇ ਇਕ ਸ਼ੱਕੀ ਨੌਜਵਾਨ ਨੂੰ ਬਿਨਾਂ ਨੰਬਰ ਪਲੇਟ ਵਾਲੇ ਪਲਸਰ ਮੋਟਰਸਾਈਲ ‘ਤੇ ਆਉਂਦਾ ਦੇਖਿਆ। ਜਦੋਂ ਪੁਲਿਸ ਨੇ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਨੌਜਵਾਨ ਪੁਲਿਸ ਨੂੰ ਚਕਮਾ ਦੇ ਕੇ ਮੌਕੇ ਤੋਂ ਭੱਜ ਨਿਕਲਿਆ, ਜਿਸ ਦਾ ਪੁਲਿਸ ਵਲੋਂ ਲੰਮੇ ਸਮੇਂ ਤੱਕ ਪਿੱਛਾ ਕੀਤਾ ਗਿਆ।

ਇਸ ਤੋਂ ਬਾਅਦ ਪੁਲਿਸ ਦੀ ਇਕ ਹੋਰ ਟੁਕੜੀ ਉਸ ਦਾ ਪਿੱਛਾ ਕਰਦੀ ਹੋਈ ਬਬਰੀ ਬਾਈਪਾਸ ਅਤੇ ਨਵੀਪੁਰ ਦੇ ਵਿਚਾਲੇ ਪੈਂਦੇ ਗੰਦੇ ਨਾਲੇ ਦੇ ਰਸਤੇ ’ਤੇ ਪਹੁੰਚੀ ਤਾਂ ਉਸ ਵਲੋਂ ਪੁਲਿਸ ’ਤੇ ਗੋਲੀਆਂ ਚਲਾ ਦਿੱਤੀਆਂ ਗਈਆਂ, ਜਿਸ ਤੋਂ ਬਾਅਦ ਆਪਣੀ ਸੁਰੱਖਿਆ ਲਈ ਪੁਲਿਸ ਵਲੋਂ ਜਵਾਬੀ ਕਾਰਵਾਈ ਕੀਤੀ ਗਈ, ਜਿਸ ਦੌਰਾਨ ਉਕਤ ਮੁਲਜ਼ਮ ਦੀ ਲੱਤ ਵਿਚ ਗੋਲੀ ਲੱਗੀ, ਜਿਸ ਕਾਰਨ ਉਸ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਦਾਖਲ ਕਰਾ ਦਿੱਤਾ ਗਿਆ ਹੈ।

ਪੰਜਾਬ ਵਾਚ ਹਾਊਸ ਵਿਚ ਹੋਈ ਗੋਲੀਬਾਰੀ ਦੀ ਘਟਨਾ ਵਿਚ ਸ਼ਾਮਲ ਸੀ ਮੁਲਜ਼ਮ  : ਐੱਸ. ਐੱਸ. ਪੀ.

ਐੱਸ. ਐੱਸ. ਪੀ. ਗੁਰਦਾਸਪੁਰ ਆਦਿੱਤਿਆ ਨੇ ਦੱਸਿਆ ਕਿ ਨੌਜਵਾਨ ਦਾ ਨਾਮ ਰਾਹੁਲ ਗਿੱਲ ਹੈ ਅਤੇ ਉਹ ਗੁਰਦਾਸਪੁਰ ਦੇ ਗੀਤਾ ਭਵਨ ਰੋਡ ਦਾ ਰਹਿਣ ਵਾਲਾ ਹੈ। ਉਹ 17 ਜੁਲਾਈ ਨੂੰ ਬਾਟਾ ਚੌਕ ਵਿਚ ਪੰਜਾਬ ਵਾਚ ਹਾਊਸ ਵਿਖੇ ਹੋਈ ਗੋਲੀਬਾਰੀ ਦੀ ਘਟਨਾ ਵਿੱਚ ਸ਼ਾਮਲ ਸੀ ਅਤੇ ਅੱਜ ਵੀ ਉਹ ਕਿਸੇ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲਾ ਸੀ, ਜਿਸ ਨੂੰ ਪੁਲਿਸ ਵਲੋਂ ਰੋਕ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਇਸ ਮਾਮਲੇ ਵਿਚ ਹੋਰ ਘੋਖ ਕਰ ਰਹੀ ਹੈ ਅਤੇ ਇਸ ਮਾਮਲੇ ਵਿਚ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਆਸ ਹੈ।

Read More : ਸਟੇਟ ਬੈਂਕ ਆਫ ਇੰਡੀਆਂ ਸਾਦਿਕ ’ਚ ਲੱਖਾਂ ਦਾ ਗਬਨ

Leave a Reply

Your email address will not be published. Required fields are marked *