ਹਵਾ ਪ੍ਰਦੂਸ਼ਣ ਇਕ ਵੱਡਾ ਰਾਸ਼ਟਰੀ ਮੁੱਦਾ, ਪੰਜਾਬ ਦੇ ਕਿਸਾਨਾਂ ਨੂੰ ਦੋਸ਼ੀ ਠਹਿਰਾਉਣਾ ਇਸ ਦਾ ਹੱਲ ਨਹੀਂ : ਡਾ. ਬਲਬੀਰ ਸਿੰਘ
ਚੰਡੀਗੜ੍ਹ, 22 ਅਕਤੂਬਰ : ਆਮ ਆਦਮੀ ਪਾਰਟੀ (ਆਪ) ਦੇ ਮੰਤਰੀ ਡਾ. ਬਲਬੀਰ ਸਿੰਘ ਨੇ ਭਾਰਤ ਦੇ ਪ੍ਰਦੂਸ਼ਣ ਸੰਕਟ ਨਾਲ ਨਜਿੱਠਣ ਲਈ ਛੋਟੀ ਰਾਜਨੀਤੀ ਅਤੇ ਦੋਸ਼ ਲਾਉਣ ਦੀ ਬਜਾਏ ਇਕ ਏਕੀਕ੍ਰਿਤ, ਵਿਗਿਆਨ-ਅਾਧਾਰਤ ਰਾਸ਼ਟਰੀ ਪਹੁੰਚ ਅਪਣਾਉਣ ਦਾ ਸੱਦਾ ਦਿੱਤਾ ਹੈ। ਵਿਸ਼ਵਕਰਮਾ ਦਿਵਸ ਦੀਆਂ ਸ਼ੁੱਭਕਾਮਨਾਵਾਂ ਦਿੰਦੇ ਹੋਏ ਡਾ. ਬਲਬੀਰ ਨੇ ਕੇਂਦਰ ਸਰਕਾਰ ਨੂੰ ਪ੍ਰਦੂਸ਼ਣ ’ਤੇ ਇਕ ਵਿਆਪਕ ਰਾਸ਼ਟਰੀ ਕਾਰਜ ਯੋਜਨਾ ਤਿਆਰ ਕਰਨ ਲਈ ਸਾਰੇ ਮੁੱਖ ਮੰਤਰੀਆਂ, ਵਾਤਾਵਰਣ ਅਤੇ ਸਿਹਤ ਮੰਤਰੀਆਂ ਅਤੇ ਵਾਤਾਵਰਣ ਮਾਹਿਰਾਂ ਦੀ ਇਕ ਸਾਂਝੀ ਮੀਟਿੰਗ ਬੁਲਾਉਣ ਦੀ ਅਪੀਲ ਕੀਤੀ।
ਡਾ. ਬਲਬੀਰ ਨੇ ਦਿੱਲੀ ਦੇ ਕੁਝ ਭਾਜਪਾ ਆਗੂਆਂ ਅਤੇ ਮੰਤਰੀਆਂ ਦੀ ਸਖ਼ਤ ਨਿੰਦਾ ਕੀਤੀ ਕਿ, ਜੋ ਦਿੱਲੀ ’ਚ ਵਧਦੇ ਪ੍ਰਦੂਸ਼ਣ ਪੱਧਰ ਲਈ ਪੰਜਾਬ ਦੇ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾਉਣ ਵਾਲੀਆਂ ਗੈਰ-ਜ਼ਿੰਮੇਵਾਰਾਨਾ ਅਤੇ ਬੇਬੁਨਿਆਦ ਟਿੱਪਣੀਆਂ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਵੱਲ ਉਂਗਲਾਂ ਚੁੱਕਣ ਤੋਂ ਪਹਿਲਾਂ ਉਨ੍ਹਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਪ੍ਰਦੂਸ਼ਣ ਕਿਸੇ ਇਕ ਸੂਬੇ ਜਾਂ ਇਕ ਭਾਈਚਾਰੇ ਦੀ ਸਮੱਸਿਆ ਨਹੀਂ ਹੈ, ਇਹ ਇਕ ਰਾਸ਼ਟਰੀ ਸੰਕਟ ਹੈ, ਜਿਸ ਲਈ ਸਹਿਯੋਗ ਦੀ ਲੋੜ ਹੈ, ਟਕਰਾਅ ਦੀ ਨਹੀਂ।
ਉਨ੍ਹਾਂ ਨੇ ਦਿੱਲੀ ਦੇ ਧੂੰਏਂ ਲਈ ਪੰਜਾਬ ਨੂੰ ਦੋਸ਼ੀ ਠਹਿਰਾਉਣ ਦੇ ਤਰਕ ’ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਜੇਕਰ ਪੰਜਾਬ ਦੇ ਖੇਤਾਂ ਦਾ ਧੂੰਆਂ ਪੰਜਾਬ, ਚੰਡੀਗੜ੍ਹ ਜਾਂ ਅੰਬਾਲਾ ਨੂੰ ਪ੍ਰਦੂਸ਼ਿਤ ਨਹੀਂ ਕਰਦਾ, ਤਾਂ ਇਹ ਅਚਾਨਕ ਦਿੱਲੀ ਨੂੰ ਕਿਵੇਂ ਪ੍ਰਦੂਸ਼ਿਤ ਕਰਦਾ ਹੈ? ਮੁੱਖ ਕਾਰਨ ਵਾਹਨਾਂ ’ਚੋਂ ਧੂੰਏਂ ਦਾ ਨਿਕਾਸ, ਉਦਯੋਗਿਕ ਡਿਸਚਾਰਜ ਅਤੇ ਦਿੱਲੀ ਦੇ ਅੰਦਰ ਹੀ ਉਸਾਰੀ ਦੀ ਧੂੜ ਹਨ।
ਡਾ. ਬਲਬੀਰ ਨੇ ਭਾਜਪਾ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਦੇਸ਼ ਨੂੰ ਭੋਜਨ ਦੇਣ ਵਾਲੇ ਕਿਸਾਨਾਂ ਨੂੰ ਬਦਨਾਮ ਕਰਨਾ ਬੰਦ ਕਰਨ। ਉਨ੍ਹਾਂ ਕਿਹਾ ਕਿ ਇਹ ਉਹੀ ਕਿਸਾਨ ਹਨ, ਜੋ ਪਹਿਲਾਂ ਹੀ ਆਪ੍ਰੇਸ਼ਨ ‘ਸਿੰਧੂਰ’, ਹੜ੍ਹਾਂ ਅਤੇ ਹੁਣ ਵਾਇਰਸ ਅਤੇ ਉੱਲੀਮਾਰ ਤੋਂ ਹੋਣ ਵਾਲੀਆਂ ਬਿਮਾਰੀਆਂ ਦਾ ਦਰਦ ਝੱਲ ਚੁੱਕੇ ਹਨ। ਉਨ੍ਹਾਂ ਨੂੰ ਪ੍ਰੇਸ਼ਾਨ ਕਰਨ ਦੀ ਬਜਾਏ, ਉਨ੍ਹਾਂ ਦੀ ਮਦਦ ਕਰਨ ਅਤੇ ਇਕੱਠੇ ਹੱਲ ਲੱਭਣ ਬਾਰੇ ਸੋਚਿਆ ਜਾਵੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿੱਜੀ ਪਹਿਲਕਦਮੀ ਕਰਨ ਦੀ ਅਪੀਲ ਕਰਦੇ ਹੋਏ ਡਾ. ਬਲਬੀਰ ਨੇ ਕਿਹਾ ਕਿ ਤੁਸੀਂ ਪੂਰੇ ਦੇਸ਼ ਨੂੰ ਆਪਣਾ ਪਰਿਵਾਰ ਕਹਿੰਦੇ ਹੋ, ਇਸ ਲਈ ਕਿਰਪਾ ਕਰਕੇ ਆਪਣੇ ਪਰਿਵਾਰ ਨੂੰ ਇਕੱਠਾ ਕਰੋ। ਕਿਸਾਨਾਂ, ਮਾਹਿਰਾਂ ਅਤੇ ਮੁੱਖ ਮੰਤਰੀਆਂ ਨਾਲ ਬੈਠੋ ਅਤੇ ਪ੍ਰਦੂਸ਼ਣ ਕੰਟਰੋਲ ਲਈ ਇਕ ਰਾਸ਼ਟਰੀ ਕਾਰਜ ਯੋਜਨਾ ਬਣਾਓ। ਤਦ ਹੀ ਅਸੀਂ ਆਪਣੇ ਬੱਚਿਆਂ, ਆਪਣੇ ਵਾਤਾਵਰਣ ਅਤੇ ਆਪਣੇ ਦੇਸ਼ ਦੇ ਭਵਿੱਖ ਦੀ ਰੱਖਿਆ ਕਰ ਸਕਦੇ ਹਾਂ।
Read More : ਮੁੱਖ ਮੰਤਰੀ ਨੇ ਡੀ. ਆਈ. ਜੀ. ਭੁੱਲਰ ਨੂੰ ਕੀਤਾ ਮੁਅੱਤਲ