Health Ministe

ਸਿਹਤ ਮੰਤਰੀ ਵੱਲੋਂ ਡਾਇਰੀਆ ਪ੍ਰਭਾਵਿਤ ਪਿੰਡ ਚੰਗੇਰਾ ਦਾ ਨਿਰੀਖਣ

24 ਘੰਟੇ ਨਿਗਰਾਨੀ, ਦਵਾਈਆਂ ਤੇ ਪੀਣ ਲਈ ਸਾਫ਼ ਪਾਣੀ ਕਰਵਾਇਆ ਜਾ ਰਿਹੈ ਉਪਲੱਬਧ : ਡਾ. ਬਲਬੀਰ ਸਿੰਘ

ਪਟਿਆਲਾ, 23 ਜੁਲਾਈ : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਰਾਜਪੁਰਾ ਦੇ ਪਿੰਡ ਚੰਗੇਰਾ ਵਿਖੇ ਪਿਛਲੇ ਦਿਨੀਂ ਆਏ ਡਾਇਰੀਆ ਦੇ ਕੇਸਾਂ ਤੋਂ ਬਾਅਦ ਅੱਜ ਸਿਹਤ ਵਿਭਾਗ ਸਮੇਤ ਜਲ ਸਪਲਾਈ ਦੀਆਂ ਟੀਮਾਂ ਨਾਲ ਪਿੰਡ ਦਾ ਨਿਰੀਖਣ ਕੀਤਾ ਅਤੇ ਮਰੀਜ਼ਾਂ ਦਾ ਹਾਲ ਜਾਣਿਆ। ਉਨ੍ਹਾਂ ਕਿਹਾ ਕਿ ਪਿੰਡ ’ਚ 24 ਘੰਟੇ ਨਿਗਰਾਨੀ, ਦਵਾਈਆਂ ਤੇ ਪੀਣ ਲਈ ਸਾਫ਼ ਪਾਣੀ ਉਪਲੱਬਧ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਐੱਸ. ਡੀ. ਐੱਮ. ਰਾਜਪੁਰਾ ਅਵਿਕੇਸ਼ ਗੁਪਤਾ ਤੇ ਸਿਵਲ ਸਰਜਨ ਡਾ. ਜਗਪਾਲਇੰਦਰ ਸਿੰਘ ਵੀ ਮੌਜੂਦ ਸਨ।

ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਡਾਇਰੀਆ ਦੇ ਮਾਮਲੇ ਸਾਹਮਣੇ ਆਉਣ ’ਤੇ ਤੁਰੰਤ ਲੋਕਾਂ ਨੂੰ ਟੈਂਕਰਾਂ ਰਾਹੀਂ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਉਣ ਸਮੇਤ ਪਾਣੀ ਦੀਆਂ ਪਾਈਪ ਲਾਈਨ ਦੀ ਜਾਂਚ ਕੀਤੀ ਗਈ ਤੇ ਜਿੱਥੋਂ ਪਾਣੀ ਦੀ ਪਾਈਪ ਖਰਾਬ ਸੀ, ਉਸ ਨੂੰ ਠੀਕ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਇਹ ਦੇਖਣ ’ਚ ਆਇਆ ਹੈ ਕਿ ਜਿੱਥੋਂ ਪਾਣੀ ਦੀਆਂ ਪਾਈਪਾਂ ਜਾਂਦੀਆਂ ਹਨ, ਉਸ ਉੱਪਰ ਗੰਦਾ ਪਾਣੀ ਜਾ ਰੂੜੀਆਂ ਆਦਿ ਲੱਗੀਆਂ ਹੋਈਆਂ ਹਨ, ਜਿਸ ਕਾਰਨ ਬਿਮਾਰੀਆਂ ਫੈਲਣ ਦਾ ਡਰ ਬਣਿਆ ਰਹਿੰਦਾ ਹੈ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪਾਣੀ ਜੀਵਨ ਦਾ ਆਧਾਰ ਹੈ। ਇਸ ਲਈ ਇਹ ਯਕੀਨੀ ਬਣਾਇਆ ਜਾਵੇ ਕਿ ਪੀਣ ਵਾਲੇ ਪਾਣੀ ਦੀ ਪਾਈਪ ਲਾਈਨ, ਸਕੂਲਾਂ ਤੇ ਟੋਭਿਆਂ ਨੇੜੇ ਗੰਦਗੀ ਨਾ ਫੈਲਾਈ ਜਾਵੇ। ਉਨ੍ਹਾਂ ਕਿਹਾ ਕਿ ਪਿੰਡ ਦੇ ਟੋਭਿਆਂ ਦੀ ਸਾਫ਼ ਸਫ਼ਾਈ ਕਰਵਾਉਣ ਸਮੇਤ ਚਾਰ ਦਿਵਾਰੀ ਤੇ ਪਾਰਕ ਵਿਕਸਤ ਕਰਨ ਦੇ ਨਿਰਦੇਸ਼ ਸਬੰਧਤ ਵਿਭਾਗਾਂ ਨੂੰ ਦੇ ਦਿੱਤੇ ਗਏ ਹਨ।

ਡਾ. ਬਲਬੀਰ ਸਿੰਘ ਨੇ ਕਿਹਾ ਕਿ ਬਰਸਾਤਾਂ ਦੇ ਮੌਸਮ ’ਚ ਅਹਿਤਿਆਤ ਵਰਤਣੀ ਬਹੁਤ ਜ਼ਰੂਰੀ ਹੁੰਦੀ ਹੈ ਕਿਉਂਕਿ ਇਸ ਮੌਸਮ ’ਚ ਬਿਮਾਰੀਆਂ ਫੈਲਣ ਦਾ ਖ਼ਤਰਾ ਸਭ ਤੋਂ ਵੱਧ ਹੁੰਦਾ ਹੈ ਅਤੇ ਬਿਮਾਰੀਆਂ ਤੋਂ ਬਚਾਅ ਲਈ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਮੌਸਮ ’ਚ ਪੀਣ ਵਾਲੇ ਪਾਣੀ ਨੂੰ ਉਬਾਲ ਕੇ ਜਾ ਫੇਰ ਕਲੋਰੀਨ ਦੀਆਂ ਗੋਲੀਆਂ ਵਾਲਾ ਪਾਣੀ ਹੀ ਵਰਤਿਆ ਜਾਵੇ।

ਇਸ ਮੌਕੇ ਸਿਵਲ ਸਰਜਨ ਡਾ. ਜਗਪਾਲਇੰਦਰ ਸਿੰਘ ਨੇ ਦੱਸਿਆ ਕਿ ਪਿੰਡ ਚੰਗੇਰਾ ’ਚ ਸਿਹਤ ਟੀਮਾਂ ਵੱਲੋਂ ਘਰ-ਘਰ ਸਰਵ ਕੀਤਾ ਜਾ ਚੁੱਕਾ ਹੈ ਅਤੇ ਨਵੇਂ ਕੇਸਾਂ ’ਚ ਹੁਣ ਗਿਰਾਵਟ ਹੈ ਤੇ ਸਥਿਤੀ ਕੰਟਰੋਲ ’ਚ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ 24 ਘੰਟੇ ਨਿਗਰਾਨੀ ਰੱਖੀ ਜਾ ਰਹੀ ਹੈ। ਅੱਜ ਇਕ ਕੇਸ ਸਾਹਮਣੇ ਆਇਆ ਹੈ ਅਤੇ ਹੁਣ ਤੱਕ ਪਿੰਡ ’ਚ ਕੁਲ 21 ਡਾਇਰੀਆ ਦੇ ਕੇਸ ਆਏ ਹਨ।

ਇਸ ਮੌਕੇ ਜ਼ਿਲਾ ਐਪੀਡੋਮੋਲੋਜਿਸਟ ਡਾ. ਸੁਮਿਤ ਸਿੰਘ, ਡਾ. ਦਿਵਜੋਤ ਸਿੰਘ, ਸੀ. ਐੱਚ. ਸੀ. ਕਾਲੋਮਾਜਰਾ ਦੇ ਡਾ. ਪਰਮਦੀਪ ਕੌਰ ਅਤੇ ਜਲ ਸਪਲਾਈ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਜੇ. ਐੱਸ. ਸਿੱਧੂ ਵੀ ਮੌਜੂਦ ਸਨ।

Read More : 12000 ਰੁਪਏ ਰਿਸ਼ਵਤ ਲੈਂਦਾ ਏ. ਐੱਸ. ਆਈ. ਅੜਿੱਕੇ

Leave a Reply

Your email address will not be published. Required fields are marked *