ਐੱਨ. ਐੱਸ. ਏ ਨੂੰ ਦਿੱਤੀ ਜਾਵੇਗੀ ਚੁਣੌਤੀ, ਅਗਲੇ ਹਫ਼ਤੇ ਸੁਪਰੀਮ ਕੋਰਟ ’ਚ ਦਾਖ਼ਲ ਕੀਤੀ ਜਾਵੇਗੀ ਪਟੀਸ਼ਨ
ਖਡੂਰ ਸਾਹਿਬ, 22 ਜੁਲਾਈ : ਆਸਾਮ ਦੀ ਡਿਬਰੂਗੜ੍ਹ ਜੇਲ ’ਚ ਲੰਬੇ ਸਮੇਂ ਤੋਂ ਬੰਦ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਆਪਣੇ ’ਤੇ ਲੱਗੀ ਐੱਨ. ਐੱਸ. ਏ. ਦੇ ਖ਼ਿਲਾਫ਼ ਹੁਣ ਸੁਪਰੀਮ ਕੋਰਟ ਜਾਣਗੇ।
ਅੰਮ੍ਰਿਤਪਾਲ ਸਿੰਘ ਦੇ ਵਕੀਲ ਈਮਾਨ ਸਿੰਘ ਖਾਰਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਐੱਮ. ਪੀ. ਅੰਮ੍ਰਿਤਪਾਲ ਸਿੰਘ ਸੁਪਰੀਮ ਕੋਰਟ ਦਾ ਰੁਖ਼ ਕਰਨਗੇ। ਉਨ੍ਹਾਂ ਦੱਸਿਆ ਕਿ ਅੰਮ੍ਰਿਤਪਾਲ ਸਿੰਘ ’ਤੇ ਲੱਗੇ NSA ਨੂੰ ਮਾਨਯੋਗ ਸੁਪਰੀਮ ਕੋਰਟ ’ਚ ਚੁਣੌਤੀ ਦਿੱਤੀ ਜਾਵੇਗੀ। ਇਸ ਬਾਬਤ ਅਗਲੇ ਹਫ਼ਤੇ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਖ਼ਲ ਕੀਤੀ ਜਾਵੇਗੀ।
ਦੱਸ ਦੇਈਏ ਕਿ ਅੰਮ੍ਰਿਤਪਾਲ ਸਿੰਘ ਫਿਲਹਾਲ ਆਸਾਮ ਦੀ ਡਿਬਰੂਗੜ੍ਹ ਜੇਲ ਵਿਚ ਬੰਦ ਹੈ, ਜਦੋਂ ਕਿ ਪੁਲਿਸ ਉਸਦੇ ਹੋਰ ਸਾਥੀਆਂ ਨੂੰ ਪੰਜਾਬ ਲੈ ਆਈ ਹੈ।
ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ’ਤੇ ਨਸ਼ੇ ਦਾ ਸੇਵਨ ਕਰਨ ਦੇ ਇਲਜ਼ਾਮ ਲੱਗਣ ਮਗਰੋਂ ਉਨ੍ਹਾਂ ਦੇ ਵਕੀਲ ਦਾ ਬਿਆਨ ਸਾਹਮਣੇ ਆਇਆ, ਜਿਸ ਵਿਚ ਉਨ੍ਹਾਂ ਨੇ ਅਜਿਹੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਬੇਬੁਨਿਆਦ ਦੱਸਿਆ।
ਨਸ਼ਿਆਂ ਬਾਰੇ ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ ਅੰਮ੍ਰਿਤਪਾਲ ਦੇ ਸਾਥੀਆਂ ਦੇ ਇਹ ਬਿਆਨ ਪੁਲਿਸ ਵੱਲੋਂ ਉਸੇ ਮਾਮਲੇ ’ਚ ਅਦਾਲਤ ਵਿਚ ਦਾਖਲ ਕਰਵਾਏ ਚਲਾਨ ਰਾਹੀਂ ਪੇਸ਼ ਕੀਤੇ ਗਏ ਸਨ।
ਹਾਲਾਂਕਿ ਹੁਣ ਇਹ ਕਿਹਾ ਜਾ ਰਿਹਾ ਕਿ ਪੁਲਿਸ ਵੱਲੋਂ ਮੁੜ ਬਿਆਨ ਦਰਜ ਕਰਵਾਏ ਜਾਣਗੇ, ਜਿਸ ਤੋਂ ਬਾਅਦ ਇਨ੍ਹਾਂ ਦਾਅਵਿਆਂ ’ਤੇ ਗੌਰ ਕੀਤਾ ਜਾ ਸਕਦਾ ਹੈ।