ਬੰਬੀਹਾ ਗਰੁੱਪ ਨੇ ਪੋਸਟ ਪਾ ਕੇ ਲਈ ਕਤਲ ਦੀ ਜ਼ਿੰਮੇਵਾਰੀ
ਅੰਮ੍ਰਿਤਸਰ, 5 ਜੂਨ : ਜ਼ਿਲਾ ਅੰਮ੍ਰਿਤਸਰ ਦੇ ਥਾਣਾ ਮਹਿਤਾ ਅਧੀਨ ਆਉਂਦੇ ਪਿੰਡ ਚੰਨਣਕੇ ਵਿਚ ਅੰਨ੍ਹੇਵਾਹ ਗੋਲੀਆਂ ਮਾਰ ਕੇ ਇਕ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਹੈ। ਮ੍ਰਿਤਕ ਨੌਜਵਾਨ ਦਾ ਨਾਮ ਜੁਗਰਾਜ ਸਿੰਘ (28) ਹੈ। ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇਕ ਮੋਟਰਸਾਇਕਲ ਉਤੇ ਸਵਾਰ ਹੋ ਕੇ ਆਏ ਤਿੰਨ ਨੌਜਵਾਨਾਂ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ।
ਜੁਗਰਾਜ ਦੇ ਕਤਲ ਦੀ ਜ਼ਿੰਮੇਵਾਰੀ ਬੰਬੀਹਾ ਗਰੁੱਪ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਜ਼ਿੰਮਵਾਰੀ ਲਈ ਹੈ। ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਸ਼ਾਮਲ ਸ਼ੂਟਰ ਜਗਰੂਪ ਰੂਪਾ ਦਾ ਭਰਾ ਜੁਗਰਾਜ ਸੀ। ਗੈਂਗਸਟਰ ਡੋਨੀ ਬੱਲ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਲਿਖਿਆ ਹੈ ਕਿ ਗੋਰਾ ਬਰੀਆਰ ਦੇ ਕਤਲ ਵਿਚ ਜੁਗਰਾਜ ਨੇ ਰੇਕੀ ਕੀਤੀ ਸੀ। ਮੂਸੇਵਾਲਾ ਕਤਲ ਮਾਮਲੇ ਵਿਚ ਸ਼ੂਟਰ ਜਗਰੂਪ ਰੂਪਾ ਦਾ 2022 ਵਿਚ ਐਨਕਾਊਂਟਰ ਹੋ ਗਿਆ ਸੀ।