ਪਾਵਰ ਲਿਫਟਿੰਗ ’ਚ ਬੈਂਂਕਾਕ ਤੋਂ ਗੋਲਡ ਜਿੱਤ ਲਿਆਏ 2 ਪੰਜਾਬੀ ਗੱਭਰੂ
ਗੁਰਦਾਸਪੁਰ, 3 ਜੁਲਾਈ :-ਸਿੱਖਣ ਅਤੇ ਮਿਹਨਤ ਕਰਨ ਦਾ ਜਜ਼ਬਾ ਹੋਵੇ ਤਾਂ ਅਜਿਹੀ ਕੋਈ ਵੀ ਮੰਜ਼ਿਲ ਨਹੀਂ, ਜੋ ਹਾਸਲ ਨਾ ਕੀਤੀ ਜਾ ਸਕੇ। ਇਹ ਸਾਬਿਤ ਕਰ ਦਿੱਤਾ ਹੈ ਗੁਰਦਾਸਪੁਰ ਦੇ 2 ਨੌਜਵਾਨਾਂ ਨੇ, ਜਿਹੜੇ ਬਿਨਾਂ ਕਿਸੇ ਕੋਚ ਤੋਂ ਕੋਚਿੰਗ ਲਏ ਪਾਵਰ ਲਿਫਟਿੰਗ ਵਿਚ ਬੈਂਕਾਕ ਤੋਂ ਅੰਡਰ-17 ਉਮਰ ਵਰਗ ਵਿਚ ਵੱਖ-ਵੱਖ ਗੋਲਡ ਮੈਡਲ ਜਿੱਤ ਲਿਆਏ ਹਨ।
ਅੱਜ ਗੁਰਦਾਸਪੁਰ ਪੁੱਜਣ ’ਤੇ ਉਨ੍ਹਾਂ ਦੇ ਪਰਿਵਾਰਾਂ ਅਤੇ ਪਿੰਡ ਵਾਲਿਆਂ ਵੱਲੋਂ ਜਹਾਜ਼ ਚੌਂਕ ’ਚ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਹੁਨਰਪ੍ਰੀਤ ਸਿੰਘ ਪਿੰਡ ਚੌੜਾ ਕਲਾਂ ਅਤੇ ਤਰੁਨਪ੍ਰੀਤ ਸਿੰਘ ਅਲੂਣਾ ਦਾ ਰਹਿਣ ਵਾਲਾ ਹੈ, ਇਹ ਦੋਵੇਂ ਇਕੋ ਜਿਮ ’ਚ ਪ੍ਰੈਕਟਿਸ ਕਰਦੇ ਹਨ ਅਤੇ ਉਨ੍ਹਾਂ ਨੇ ਇਹ ਮੁਕਾਮ ਬਿਨਾਂ ਕਿਸੇ ਕੋਚ ਤੋਂ ਪ੍ਰੋਫੈਸ਼ਨਲ ਟ੍ਰੇਨਿੰਗ ਲਏ ਹਾਸਲ ਕੀਤਾ ਹੈ ਕਿਉਂਕਿ ਪਾਵਰ ਲਿਫਟਿੰਗ ਦਾ ਪ੍ਰੋਫੈਸ਼ਨਲ ਕੋਚ ਆਲੇ-ਦੁਆਲੇ ਦੇ ਕਿਸੇ ਸ਼ਹਿਰ ’ਚ ਮੁਹੱਈਅਾ ਨਹੀਂ ਹੈ।
ਅਜਿਹੇ ਵਿਚ ਉਨ੍ਹਾਂ ਨੇ ਇੰਟਰਨੈੱਟ ’ਤੇ ਡਾਈਟ ਅਤੇ ਸੈਡਿਊਲ ਨੂੰ ਫਾਲੋ ਕਰ ਕੇ ਆਪਣੇ ਆਪ ਨੂੰ ਇਸ ਕਾਬਲ ਬਣਾਇਆ ਕਿ ਹੁਨਰਪ੍ਰੀਤ ਨੇ 75 ਕਿਲੋ ਗ੍ਰਾਮ ਭਾਰ ਵਰਗ ਅਤੇ ਤਰਨਪ੍ਰੀਤ ਨੇ 67 ਕਿਲੋ ਭਾਰ ਵਰਗ ਵਿਚ ਅੰਤਰਰਾਸ਼ਟਰੀ ਪੱਧਰ ’ਤੇ ਗੋਲਡ ਮੈਡਲ ਜਿੱਤਣ ’ਚ ਕਾਮਯਾਬੀ ਹਾਸਿਲ ਕੀਤੀ।