ਪਟਿਆਲਾ- ਪੰਜਾਬੀ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਅਤੇ ਪੰਜਾਬ ਸੰਗੀਤ ਅਕਾਦਮੀ ਚੰਡੀਗੜ੍ਹ ਦੇ ਸਹਿਯੋਗ ਨਾਲ ਸਾਰਥਕ ਰੰਗਮੰਚ ਅਤੇ ਸੋਸ਼ਲ ਵੈੱਲਫੇਅਰ ਸੋਸਾਇਟੀ ਵੱਲੋਂ ਕਰਵਾਏ ਜਾ ਰਹੇ 10ਵੇਂ ਨੋਰ੍ਹਾ ਰਿਚਰਡਜ਼ ਥੀਏਟਰ ਫੈਸਟੀਵਲ ਦੇ 5ਵੇਂ ਦਿਨ ਸੁਚੇਤਕ ਰੰਗਮੰਚ ਮੋਹਾਲੀ ਵੱਲੋਂ ਨਾਟਕ ‘ਇੰਨਾ ਦੀ ਆਵਾਜ਼’ ਪੇਸ਼ ਕੀਤਾ ਗਿਆ। ਇਸ ਉਰਦੂ ਦੀ ਗੂੜ੍ਹੀ ਰੰਗਤ ਵਾਲੇ ਹਿੰਦੀ ਨਾਟਕ ਦਾ ਪੰਜਾਬੀ ਅਨੁਵਾਦ ਸ਼ਬਦੀਸ਼ ਨੇ ਕੀਤਾ ਹੈ।
ਅਸਗਰ ਵਜਾਹਤ ਦਾ ਨਾਟਕ ‘ਇੰਨਾ ਦੀ ਆਵਾਜ਼’ ਸੱਤਾ ਦੀ ਸ਼ਰਣ ਗਏ ਕਲਾਕਾਰ ਦੀ ਹੋਣੀ ਬਿਆਨ ਕਰਦਾ ਹੈ, ਜੋ ਲੋਕਾਈ ਦਾ ਪਿਆਰ ਗਵਾ ਬੈਠਦਾ ਹੈ ਅਤੇ ਉੱਥੇ ਹੀ ਪਹੁੰਚ ਜਾਂਦਾ ਹੈ, ਜਿੱਥੋਂ ਉਹ ਅਗਾਂਹ ਤੁਰਿਆ ਸੀ। ਨਾਟਕਕਾਰ ਨੇ ਕਥਾ ਨੂੰ ਦੂਰਦੇਸ਼ ਅਤੇ ਸਦੀਆਂ ਪਹਿਲਾਂ ਵਾਪਰੇ ਘਟਨਾਕ੍ਰਮ ਵਜੋਂ ਦਰਸ਼ਾਇਆ ਹੈ, ਜਦੋਂ ਦੁਨੀਆਂ ਦੀ ਜਨਤਾ ਰਾਜਸ਼ਾਹੀ ਦੇ ਜ਼ੁਲਮਾਂ ਹੇਠ ਪਿੱਸ ਰਹੀ ਸੀ।
ਇਹ ਨਾਟਕ ‘ਇੰਨਾ’ ਨਾਂ ਦੇ ਕਿਰਦਾਰ ਦੁਆਲੇ ਘੁੰਮਦਾ ਹੈ, ਜਿਸ ਨੂੰ ਫ਼ੌਜੀ ਹਮਲੇ ਤੋਂ ਬਾਅਦ ਗ਼ੁਲਾਮ ਬਣਾ ਲਿਆ ਗਿਆ ਸੀ। ਇਕ ਬਾਦਸ਼ਾਹ ਦੇ ਅਹਿਲਕਾਰਾਂ ਨੇ ਖ਼ਰੀਦ ਕੇ ਆਪਣੀ ਰਿਆਸਤ ’ਚ ਕਾਮਾ ਬਣਾ ਲਿਆ ਸੀ।
ਇੰਨਾ ਨੇ ਗ਼ੁਲਾਮੀ ਦੇ ਜੀਵਨ ਨੂੰ ਦਿਲੋ-ਦਿਮਾਗ਼ ਤੋਂ ਆਪਣਾ ਲਿਆ ਸੀ ਅਤੇ ਬਾਦਸ਼ਾਹ ਜਾਂ ਉਸ ਦੇ ਅਹਿਲਕਾਰਾਂ ਦੇ ਹਰ ਹੁਕਮ ਦੀ ਪੂਰੀ ਈਮਾਨਦਾਰੀ ਨਾਲ ਪਾਲਣਾ ਕਰਦਾ ਸੀ। ਉਹ ਕੰਮ ਦੌਰਾਨ ਜਾਂ ਵਿਹਲੇ ਵੇਲੇ ਲੋਕ ਧੁਨਾਂ ’ਤੇ ਲੋਕਾਂ ਦੇ ਗੀਤ ਗਾਉਂਦਾ ਸੀ।
ਇਸੇ ਕਾਰਨ ਹਰ ਕੋਈ ਉਸ ਨੂੰ ਦਿਲੋਂ ਪਿਆਰ ਕਰਦਾ ਸੀ। ਉਸ ਰਾਜ ਦਾ ਬਾਦਸ਼ਾਹ ਇਕ ਮਹਿਲ ਦੀ ਉਸਾਰੀ ਕਰਾਉਂਦਾ ਹੈ ਅਤੇ 20 ਸਾਲਾਂ ਬਾਅਦ ਜਦ ਦਰਵਾਜ਼ੇ ’ਤੇ ਬਾਦਸ਼ਾਹ ਦਾ ਨਾਂ ਲਿਖਿਆ ਜਾਂਦਾ ਹੈ ਤਾਂ ਚਮਤਕਾਰ ਵਾਪਰਦਾ ਹੈ। ਹਰ ਵਾਰ ਬਾਦਸ਼ਾਹ ਦਾ ਨਾਂ ਮਿਟ ਕੇ ਇੰਨਾ ਦਾ ਨਾਂ ਚਮਕ ਉੱਠਦਾ ਸੀ। ਇਹ ਸਾਰਾ ਕੁੱਝ ਨਾਟਕ ਨੂੰ ਰੌਚਿਕ ਬਣਾਉਂਦਾ ਹੈ।
ਨਾਟਕ ’ਚ ਅਨੀਤਾ ਸ਼ਬਦੀਸ਼, ਗੈਰੀ ਵੜੈਚ, ਅਰਮਾਨ ਸੰਧੂ, ਗੁਰਜੰਟ ਸਿੰਘ, ਅਵਤਾਰ ਐਰੀ, ਯੁਵਰਾਜ ਬਾਜਵਾ, ਪਰਮ, ਗੁਰਮੁੱਖ ਗਿਨੀ, ਮਨਦੀਪ ਜੋਸ਼ੀ, ਭਰਤ ਸ਼ਰਮਾ, ਅਨੁਹਾਰ, ਸੋਨੀਆ, ਬਬੀਤਾ ਨੇ ਆਪਣੇ ਕਿਰਦਾਰਾਂ ਨੂੰ ਬਾਖੂਬੀ ਨਿਭਾਇਆ।
ਪੇਸ਼ਕਾਰੀ ਮੌਕੇ ਪੁੱਜੇ ਡਾ. ਰਵੀ ਅਨੂੰ ਨੇ ਨਾਟਕ ਦੇ ਅੰਤ ’ਚ ਨਾਟਕ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਡਾ. ਸੁਰਜੀਤ ਭੱਟੀ, ਡਾ. ਦਰਸ਼ਨ ਸਿੰਘ ਅਸ਼ਟ, ਡਾ. ਕੁਲਦੀਪ ਕੌਰ, ਐੱਮ. ਐੱਮ. ਸਿਆਲ, ਰਵੀ ਭੂਸ਼ਨ ਵਰਗੀਆਂ ਸ਼ਖ਼ਸੀਅਤਾਂ ਨੇ ਨਾਟਕ ਦਾ ਅਨੰਦ ਮਾਣਿਆ। ਫ਼ੈਸਟੀਵਲ ਡਾਇਰੈਕਟਰ ਡਾ. ਇੰਦਰਜੀਤ ਗੋਲਡੀ ਨੇ ਆਏ ਮਹਿਮਾਨਾਂ ਤੇ ਦਰਸ਼ਕਾਂ ਦਾ ਧੰਨਵਾਦ ਕੀਤਾ।