*50,000 ਗੱਟਿਆਂ ਵਿਚ ਰੇਤਾ ਭਰ ਕੇ ਰੱਖਿਆ ; ਹੋਰ ਗੱਟੇ ਭਰਨ ਦਾ ਕੰਮ ਜਾਰੀ
ਮੂਨਕ, 1 ਜੁਲਾਈ :- ਡਿਪਟੀ ਕਮਿਸ਼ਨਰ ਸੰਗਰੂਰ ਸੰਦੀਪ ਰਿਸ਼ੀ ਅਤੇ ਜ਼ਿਲਾ ਪੁਲਸ ਮੁਖੀ ਸਰਤਾਜ ਸਿੰਘ ਚਾਹਲ ਨੇ ਅੱਜ ਮੂਨਕ ਖੇਤਰ ਵਿਖੇ ਸੰਭਾਵੀ ਹੜ੍ਹਾਂ ਦੀ ਰੋਕਥਾਮ ਹਿਤ ਘੱਗਰ ਦਰਿਆ ਦੇ ਹਾਲਾਤ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਨੇ ਮਕਰੌੜ ਸਾਹਿਬ, ਟੋਹਾਣਾ ਰੋਡ ਵਿਖੇ ਘੱਗਰ ਦਰਿਆ ਦੇ ਪੁੱਲ ਸਮੇਤ ਘੱਗਰ ਦੇ ਆਲੇ ਦੁਆਲੇ ਦੀਆਂ ਵੱਖੋ ਵੱਖ ਥਾਂਵਾਂ ਦਾ ਦੌਰਾ ਕੀਤਾ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਵੇਲੇ ਖਨੌਰੀ ਵਿਖੇ ਘੱਗਰ ਦਰਿਆ ’ਚ ਪਾਣੀ ਦਾ ਪੱਧਰ 730 ਫੁੱਟ ਹੈ ਅਤੇ ਉਥੇ 748 ਫੁੱਟ ਤੋਂ ਖਤਰੇ ਦਾ ਨਿਸ਼ਾਨ ਸ਼ੁਰੂ ਹੁੰਦਾ ਹੈ। ਇਸ ਵੇਲੇ ਕਿਸੇ ਵੀ ਕਿਸਮ ਦੀ ਹੜ੍ਹ ਸਬੰਧੀ ਸਥਿਤੀ ਨਹੀਂ ਹੈ। ਜ਼ਿਲਾ ਪ੍ਰਸ਼ਾਸਨ ਵੱਲੋਂ ਨਿਰੰਤਰ ਘੱਗਰ ਦਰਿਆ ’ਚ ਪਾਣੀ ਦੇ ਪੱਧਰ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਨਹਿਰੀ ਵਿਭਾਗ, ਮਾਲ ਵਿਭਾਗ, ਪੁਲੀਸ ਅਤੇ ਹੋਰ ਵਿਭਾਗਾਂ ਵੱਲੋਂ ਨਿਰੰਤਰ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਨਜ਼ਰ ਰੱਖੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਕਰੌੜ ਸਾਹਿਬ ਤੋਂ ਥੱਲੇ ਨੂੰ ਦਰਿਆ ਦੀ ਚੌਡ਼ਾਈ ਘੱਟ ਜਾਂਦੀ ਹੈ ਅਤੇ ਪਾਣੀ ਦਾ ਪ੍ਰੈਸ਼ਰ ਵੱਧ ਜਾਂਦਾ ਹੈ, ਜਿਸ ਕਾਰਨ ਬੀਤੇ ਸਮਿਆਂ ’ਚ ਦਰਿਆ ਵਿਚ ਪਾੜ ਪੈਂਦੇ ਰਹੇ ਹਨ। ਪੰਜਾਬ ਸਰਕਾਰ ਵੱਲੋਂ ਦਰਿਆ ਦੇ ਕੰਢੇ ਚੌੜੇ ਤੇ ਮਜ਼ਬੂਤ ਕੀਤੇ ਗਏ ਹਨ, ਜਿਸ ਨਾਲ ਇਕ ਤਾਂ ਪਾੜ ਪੈਣ ਦੀ ਸੰਭਾਵਨਾ ਘੱਟ ਗਈ ਹੈ, ਦੂਜਾ ਜੇਕਰ ਲੋੜ ਪੈਂਦੀ ਹੈ ਤਾਂ ਦਰਿਆ ਦੇ ਕੰਢੇ ਉੱਤੇ ਮਸ਼ੀਨਰੀ ਸੌਖੇ ਤਰੀਕੇ ਨਾਲ ਚੱਲ ਸਕਦੀ ਹੈ।
ਜ਼ਿਲਾ ਪ੍ਰਸ਼ਾਸਨ ਵੱਲੋਂ 50 ਹਜ਼ਾਰ ਗੱਟੇ ਰੇਤੇ ਦੇ ਤਿਆਰ ਰੱਖੇ ਗਏ ਹਨ ਤੇ ਹੋਰ ਗੱਟੇ ਭਰਨ ਦਾ ਕੰਮ ਜਾਰੀ ਹੈ। ਇਸ ਦੇ ਨਾਲ ਨਾਲ ਲੋਹੇ ਦੇ ਜਾਲਾਂ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਜਿਵੇਂ ਹੀ ਹੜ੍ਹ ਸਬੰਧੀ ਕੋਈ ਅਲਰਟ ਪ੍ਰਾਪਤ ਹੁੰਦਾ ਹੈ ਤਾਂ ਫੌਰੀ ਹੀ ਪਿੰਡ ਵਾਸੀਆਂ ਨੂੰ ਸੁਰੱਖਿਅਤ ਥਾਵਾਂ ‘ਤੇ ਤਬਦੀਲ ਕਰ ਦਿੱਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲੇ ’ਚ ਕੰਟਰੋਲ ਰੂਮ ਸਥਾਪਤ ਕੀਤੇ ਜਾ ਚੁੱਕੇ ਹਨ। ਰਾਹਤ ਕੈਂਪਾਂ ਦੀ ਸੂਚੀ, ਕਮਿਊਨੀਕੇਸ਼ਨ ਪਲਾਨ, ਹੌਟ ਸਪੌਟ ਸਥਾਨਾਂ ਦੀ ਸੂਚੀ ਵੀ ਤਿਆਰ ਕਰ ਲਈ ਗਈ ਹੈ। ਇਸੇ ਤਰ੍ਹਾਂ ਮੁੱਖ ਖੇਤੀਬਾੜੀ ਅਫ਼ਸਰ ਅਤੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਨੂੰ ਪਸ਼ੂਆਂ ਲਈ ਹਰਾ ਅਤੇ ਸੁੱਕਾ ਚਾਰੇ ਦਾ ਪ੍ਰਬੰਧ ਕਰਨ ਬਾਰੇ ਕਿਹਾ ਗਿਆ ਹੈ।
ਇਸ ਮੌਕੇ ਜ਼ਿਲਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ ਨੇ ਕਿਹਾ ਕਿ ਪੁਲਿਸ ਹਰ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਬਰ ਤਿਆਰ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਅਮਿਤ ਬੈਂਬੀ, ਐੱਸ.ਡੀ.ਐਮ ਲਹਿਰਾ ਸੂਬਾ ਸਿੰਘ ਸਮੇਤ ਵੱਖੋ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
Read More : ਕਰੰਟ ਲੱਗਣ ਕਾਰਨ 2 ਦੀ ਮੌਤ