1 ਪਿਸਟਲ 32 ਬੋਰ , 1 ਜਿੰਦਾ ਕਾਰਤੂਸ , 2 ਕਾਰਾਂ ਬਰਾਮਦ
ਹੁਸ਼ਿਆਰਪੁਰ, 20 ਜੂਨ :-ਗੜ੍ਹਸ਼ੰਕਰ ਪੁਲਸ ਨੇ 18 ਜੂਨ ਦੀ ਰਾਤ ਗੜ੍ਹਸ਼ੰਕਰ-ਨੰਗਲ ਰੋਡ ’ਤੇ ਸ਼ਾਹਪੁਰ ਘਾਟੇ ’ਚ ਕਾਰ ਸਵਾਰ ਨੌਜਵਾਨ ਆਰੀਅਨ ਪੁੱਤਰ ਅਮਿਤ ਕੁਮਾਰ ਵਾਸੀ ਪਿੰਡ ਸੀਹਵਾਂ ਨੂੰ ਗੋਲੀ ਮਾਰ ਕੇ ਕਤਲ ਕਰਨ ਦੇ ਮਾਮਲੇ ਵਿਚ ਉਸ ਦੇ ਭੂਆ ਦੇ ਮੁੰਡੇ ਨਵੀਨ ਕੁਮਾਰ ਪੁੱਤਰ ਸਤੀਸ਼ ਕੁਮਾਰ ਵਾਸੀ ਪਿੰਡ ਕੋਕੋਵਾਲ ਅਤੇ ਉਸ ਨੂੰ ਅਸਲਾ ਦੇਣ ਦੇ ਦੋਸ਼ ਹੇਠ ਗੁਰਮੁਖ ਸਿੰਘ ਅਤੇ ਗੁਰਦੀਪ ਸਿੰਘ ਪੁੱਤਰਾਨ ਸੋਮਨਾਥ ਅਤੇ ਗੁਰਦੀਪ ਸਿੰਘ ਵਾਸੀ ਪਿੰਡ ਮੈਹਿੰਦਵਾਨੀ ਦੇ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਦਰਜ ਕੇਸ ਮੁਤਾਬਿਕ ਐੱਸ. ਐੱਚ. ਓ. ਗੜ੍ਹਸ਼ੰਕਰ ਨੂੰ ਸਿਵਲ ਹਸਪਤਾਲ ਗੜ੍ਹਸ਼ੰਕਰ ਤੋਂ ਇਕ ਚਿੱਟ ਮਿਲੀ ਸੀ ਕਿ ਆਰੀਅਨ ਕੁਮਾਰ ਦੀ ਗੋਲੀ ਲੱਗਣ ਨਾਲ ਮੌਤ ਹੋਣ ਦਾ ਮਾਮਲਾ ਆਇਆ ਹੈ। ਏ. ਐੱਸ. ਆਈ. ਰਸ਼ਪਾਲ ਸਿੰਘ ਨੇ ਪੁੱਜ ਕੇ ਪੁੱਛਗਿੱਛ ਕੀਤੀ ਤਾਂ ਮੌਕੇ ’ਤੇ ਮ੍ਰਿਤਕ ਦਾ ਕੋਈ ਵਾਰਿਸ ਨਹੀਂ ਮਿਲਿਆ ਜਿਸ ’ਤੇ 19 ਜੂਨ ਨੂੰ ਰੋਜ਼ਨਾਮਚਾ ਰਿਪੋਰਟ ਦਰਜ ਕੀਤੀ ਗਈ ਸੀ।
ਹੁਣ ਮੁੱਖ ਥਾਣਾ ਅਫਸਰ ਨੇ ਮੁਖਬਰ ਤੋਂ ਇਤਲਾਹ ਮਿਲੀ ਕਿ ਜਿਸ ਨੌਜਵਾਨ ਦਾ ਕਤਲ ਹੋਇਆ ਹੈ ਉਹ ਉਸ ਦੇ ਭੂਆ ਦੇ ਲੜਕੇ ਨੇ ਕੀਤਾ ਹੈ ਕਿਉਂਕਿ ਮ੍ਰਿਤਕ ਉਸ ਦੀ ਰੈਡੀਮੇਡ ਦੁਕਾਨ ਤੋਂ ਕੰਮ ਛੱਡ ਕੇ ਅਪਣੀ ਖੁਦ ਦੀ ਅੱਡਾ ਝੁੰਗੀਆਂ ਵਿਖੇ ਦੁਕਾਨ ਖੋਲ੍ਹਣਾ ਚਾਹੁੰਦਾ ਸੀ ਅਤੇ ਨਵੀਨ ਕੁਮਾਰ ਨੂੰ ਡਰ ਸੀ ਕਿ ਇਸ ਨਾਲ਼ ਉਸ ਦੀ ਸੇਲ ਨੂੰ ਘਾਟਾ ਹੋਵੇਗਾ।
ਇਸ ਲਈ ਨਵੀਨ ਕੁਮਾਰ ਨੇ ਉਲਟੀ ਆਉਣ ਦਾ ਬਹਾਨਾ ਬਣਾ ਕੇ ਕਾਰ ਰੋਕ ਕੇ ਆਰੀਅਨ ਨੂੰ ਗੋਲੀਆਂ ਮਾਰ ਦਿੱਤੀਆਂ, ਇਸ ਲਈ ਬਕੂਅਾ ਦੇਖਣ ਤੋਂ ਬਾਅਦ ਮ੍ਰਿਤਕ ਦਾ ਕਤਲ ਨਵੀਨ ਕੁਮਾਰ ਵਲੋਂ ਕੀਤਾ ਜਾਣਾ ਪਾਇਆ ਗਿਆ। ਇਸ ਕੇਸ ਵਿਚ ਨਵੀਨ ਕੁਮਾਰ, ਗੁਰਮੁਖ ਸਿੰਘ ਤੇ ਉਸ ਦੇ ਭਰਾ ਗੁਰਦੀਪ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਪਾਸੋਂ ਇਕ ਪਿਸਟਲ 32 ਬੋਰ, ਇਕ ਜਿੰਦਾ ਤੇ ਇਕ ਚਲਿਆ ਕਾਰਤੂਸ, ਸਵਿਫਟ ਕਾਰ ਨੰਬਰ ਪੀ. ਬੀ 24 ਈ 0923 ਅਤੇ ਇਕ ਈਟੋਸ ਕਾਰ ਨੰਬਰ ਪੀ. ਬੀ 02 ਸੀ. ਪੀ. 3993 ਵੀ ਬ੍ਰਾਮਦ ਕੀਤੇ ਗਏ ਹਨ।
Read More : ਸਿਹਤ ਮੰਤਰੀ ਵੱਲੋਂ ਮੁੜ ਵਸੇਬਾ ਕੇਂਦਰ ਦਾ ਦੌਰਾ