ਪਸ਼ੂ ਪਾਲਕ ਦਾ ਭਾਰੀ ਨੁਕਸਾਨ ਹੋਇਆ
ਗੁਰਦਾਸਪੁਰ, 9 ਜੂਨ :- ਗੁਰਦਾਸਪੁਰ ਦੇ ਕਸਬਾ ਪੁਰਾਣਾ ਸ਼ਾਲਾ ਦੇ ਨੇੜਲੇ ਪਿੰਡ ਛੀਨਾ ਬੇਟ ’ਚ ਪਸ਼ੂਆਂ ਵਾਲੀ ਹਵੇਲੀ ’ਚ ਅਚਾਨਕ ਅੱਗ ਲੱਗਣ ਕਾਰਨ ਪਸ਼ੂ ਪਾਲਕ ਦਾ ਭਾਰੀ ਨੁਕਸਾਨ ਹੋ ਗਿਆ ਹੈ।
ਪੀੜਤ ਪਸ਼ੂ ਪਾਲਕ ਸਤਨਾਮ ਸਿੰਘ ਪੁੱਤਰ ਜਗੀਰ ਸਿੰਘ ਅਤੇ ਪਿੰਡ ਵਾਸੀਆ ਦੱਸਿਆ ਕਿ ਉਸ ਦੀ ਛੀਨਾ ਬੇਟ ਦੇ ਬਾਹਰ ਖੇਤਾਂ ’ਚ ਸਥਿਤ ਪਸ਼ੂਆਂ ਦੀ ਹਵੇਲੀ ਵਿਚ ਅਚਾਨਕ ਅੱਗ ਲੱਗ ਗਈ। ਜਦਕਿ ਹਵੇਲੀ ’ਚ ਅੱਧੀ ਦਰਜਨ ਤੋਂ ਵਧੇਰੇ ਦੁਧਾਰੂ ਗਾਵਾਂ ਬੰਨੀਆਂ ਹੋਈਆਂ।
ਸਵੇਰੇ 9:30 ਵਜੇ ਦੇ ਕਰੀਬ ਕਿਸੇ ਨੇ ਸੂਚਨਾ ਦਿੱਤੀ ਉਨ੍ਹਾਂ ਦੀ ਹਵੇਲੀ ’ਚ ਅੱਗ ਲੱਗੀ ਹੋਈ ਹੈ। ਜਦ ਉਹ ਹਵੇਲੀ ’ਚ ਗਏ ਤਾਂ ਵੇਖਿਆ ਕਿ ਉਨ੍ਹਾਂ ਦੀ ਹਵੇਲੀ ’ਚ ਅੱਗ ਦੇ ਭਾਂਬੜ ਮਚ ਰਹੇ ਸਨ। ਪਿੰਡ ਵਾਸੀਆਂ ਨੇ ਜੱਦੋ-ਜਹਿਦ ਕਰ ਕੇ ਬਾਕੀ ਗਾਵਾਂ ਦੇ ਰੱਸੇ ਤਾਂ ਖੋਲ੍ਹ ਦਿੱਤੇ, ਜਦਕਿ ਇਕ ਨਵਜੰਮੀ ਵੱਛੀ ਅਤੇ ਦੁਧਾਰੂ ਗਾਂ ਝੁਲਸ ਕੇ ਮਰ ਗਈ।
ਸਤਨਾਮ ਸਿੰਘ ਨੇ ਦੱਸਿਆ ਕਿ ਬੇਸ਼ੱਕ ਬਾਕੀ ਗਾਵਾਂ ਦੇ ਰੱਸੇ ਵਗੈਰਾ ਖੋਲ ਕੇ ਅਤੇ ਜਲਦੀ ਅੱਗ ’ਚੋਂ ਲੋਕਾਂ ਵੱਲੋਂ ਕਿੱਲੇ ਪੁੱਟ ਕੇ ਉਨ੍ਹਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਪਰ ਬਾਕੀ ਗਾਵਾਂ ਵੀ ਅੱਗ ’ਚ ਝੁਲਸ ਜਾਣ ਕਾਰਨ ਗੰਭੀਰ ਹਾਲਤ ’ਚ ਹਨ। ਸਤਨਾਮ ਸਿੰਘ ਨੇ ਇਹ ਵੀ ਦੱਸਿਆ ਕਿ ਉਸ ਨੇ ਇਹ ਤਾਜ਼ੀ ਸੂਈ ਗਾਂ ਤਿੰਨ ਦਿਨ ਪਹਿਲਾਂ ਹੀ 50 ਹਜਾਰ ਰੁਪਏ ਵਿਚ ਖਰੀਦੀ ਸੀ ਅਤੇ ਅੱਜ ਸਵੇਰੇ ਤੜਕਸਾਰ ਉਹ ਸੂ ਪਈ ਸੀ, ਜਿਸ ਨੇ ਇਕ ਵੱਛੀ ਨੂੰ ਜਨਮ ਦਿੱਤਾ ਪਰ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ।
ਪੀੜਤ ਨੇ ਇਹ ਵੀ ਦੱਸਿਆ ਕਿ ਪਸ਼ੂਆਂ ਦੇ ਚਾਰੇ ਲਈ ਹਵੇਲੀ ਨਾਲ ਲੱਗਦਾ ਤੂੜੀ ਵਾਲਾ ਮੂਸਲ, ਪਰਾਲੀ ਦਾ ਢੇਰ ਅਤੇ ਹਵੇਲੀ ਅੰਦਰ ਪਿਆ ਹੋਰ ਕਾਫੀ ਕੀਮਤੀ ਸਾਮਾਨ ਵੀ ਅੱਗ ਦੀ ਭੇਟ ਚੜ੍ਹ ਗਿਆ। ਪੀੜਤ ਕਿਸਾਨ ਅਤੇ ਪਿੰਡ ਵਾਸੀਆਂ ਨੇ ਪਸ਼ੂ ਪਾਲਕ ਕਿਸਾਨ ਦੇ ਹੋਏ ਵੱਡੇ ਨੁਕਸਾਨ ’ਤੇ ਮਦਦ ਦੀ ਅਪੀਲ ਕੀਤੀ ਹੈ।
Read More : ਨੌਜਵਾਨ ਦੀ ਲਾਸ਼ ਨੂੰ ਚੌਕ ’ਚ ਰੱਖ ਕੇ ਪਰਿਵਾਰ ਨੇ ਜਾਮ ਕੀਤਾ ਨੈਸ਼ਨਲ ਹਾਈਵੇ