ਮੋਰਚੇ ਨਾਲ਼ ਕੀਤਾ ਵਾਅਦਾ ਪੂਰਾ ਕਰੇ ਪੰਜਾਬ ਸਰਕਾਰ
ਪਟਿਆਲਾ : ਪੰਜਾਬੀ ਯੂਨੀਵਰਸਿਟੀ ਬਚਾਓ ਮੋਰਚੇ ਵੱਲੋਂ ਅੱਜ ਪੰਜਾਬੀ ਯੂਨੀਵਰਸਿਟੀ ਵਿਖੇ ਰੋਸ ਮਾਰਚ ਕੱਢ ਕੇ ਮੰਗਾਂ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਆਗੁੂਆਂ ਨੇ ਆਖਿਆ ਕਿ ਪੰਜਾਬੀ ਯੂਨੀਵਰਸਿਟੀ ਸਿਰ ਚੜੇ ਕਰਜ਼ੇ ਦੀ ਮੁਕੰਮਲ ਤੌਰ ’ਤੇ ਮੁਆਫੀ ਕੀਤੀ ਜਾਵੇ ਅਤੇ ਮੋਰਚੇ ਨਾਲ ਕੀਤਾ ਆਪਣਾ ਵਾਅਦਾ ਪੂਰਾ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਮਿਕ ਅਤੇ ਪ੍ਰਸ਼ਾਸਨਿਕ ਮਾਹੌਲ ਦਿਨੋ ਦਿਨ ਨਿਘਾਰ ਵੱਲ ਜਾ ਰਿਹਾ ਹੈ ਅਤੇ ਮੁਲਾਜ਼ਮਾਂ, ਵਿਦਿਆਰਥੀਆਂ ਦੇ ਮਸਲੇ ਜਿਉਂ ਦੇ ਤਿਉਂ ਲਟਕੇ ਪਏ ਹਨ। ਪੰਜਾਬੀ ਯੂਨੀਵਰਸਿਟੀ ’ਚ ਉਸਾਰੂ ਅਕਾਦਮਿਕ ਪ੍ਰਸ਼ਾਸਨਿਕ ਮਾਹੌਲ ਸਿਰਜਣ ਲਈ ਯੂਨੀਵਰਸਿਟੀ ਲਈ ਵਿੱਤੀ ਘਾਟੇ ਪੂਰੇ ਕਿਤੇ ਜਾਣ, ਖਾਲੀ ਅਾਸਾਮੀਆਂ ਭਰੀਆਂ ਜਾਣ ਅਤੇ ਪੱਕੇ ਵਾਈਸ ਚਾਂਸਲਰ ਦੀ ਨਿਯੁਕਤੀ ਜਲਦ ਤੋਂ ਜਲਦ ਕੀਤੀ ਜਾਵੇ।
ਪਿਛਲੇ ਲੰਮੇ ਸਮੇਂ ਤੋਂ ਵਿਭਾਗਾਂ ’ਚ ਪ੍ਰੋਫੈਸਰਾਂ ਅਤੇ ਮੁਲਾਜ਼ਮਾਂ ਦੀ ਬਹੁਤ ਵੱਡੀ ਘਾਟ ਹੈ ਅਤੇ ਲਗਭਗ ਸਾਲ ਤੋਂ ਯੂਨੀਵਰਸਿਟੀ ’ਚ ਪੱਕੇ ਤੌਰ ’ਤੇ ਵਾਈਸ ਚਾਂਸਲਰ ਦੀ ਨਿਯੁਕਤੀ ਨਹੀਂ ਕੀਤੀ ਗਈ। ਪ੍ਰੋਫੈਸਰ ਨਾ ਹੋਣ ਕਾਰਨ ਖੋਜ ਦਾ ਪੱਧਰ ਹੋਰ ਵੀ ਥੱਲੇ ਡਿੱਗ ਰਿਹਾ ਹੈ ਅਤੇ ਯੂਨੀਵਰਸਿਟੀ ਵਿਚ ਕਲਾਸਾਂ ਲਗਾਉਣ ਦਾ ਬੋਝ ਖੋਜਾਰਥੀਆਂ ਸਿਰ ਪੈ ਰਿਹਾ ਹੈ।
ਇਨ੍ਹਾਂ ਸਮੱਸਿਆਵਾਂ ਨੂੰ ਫੌਰੀ ਤੌਰ ’ਤੇ ਹੱਲ ਕਰਨ ਲਈ ਸਰਕਾਰ ਯੂਨੀਵਰਸਿਟੀ ਸਿਰ ਚੜ੍ਹੇ ਕਰਜ਼ੇ ਨੂੰ ਮੁਕੰਮਲ ਤੌਰ ’ਤੇ ਮੁਆਫ ਕਰੇ, ਪੱਕੇ ਵਾਈਸ ਚਾਂਸਲਰ ਦੀ ਨਿਯੁਕਤੀ ਕਰੇ ਅਤੇ ਖਾਲੀ ਪਈਆਂ ਅਾਸਾਮੀਆਂ ਭਰੇ। ਭਾਰਤ ਦੇ ਪੰਜਾਬ ਦੇ ਬਹੁਤੇ ਜਨਤਕ ਵਿਦਿਅਕ ਅਦਾਰਿਆਂ ਦਾ ਹਾਲ ਵੀ ਇਹੋ ਜਿਹਾ ਹੀ ਹੈ। ਸਿੱਖਿਆ ਦਾ ਇਹ ਖੇਤਰ ਫੰਡਾਂ ਤੇ ਸਹੂਲਤਾਂ ਦੀ ਘਾਟ ਨਾਲ ਸਹਿਕ ਰਿਹਾ ਹੈ, ਸਿੱਖਿਆ ਨੂੰ ਬਚਾਉਣ ਲਈ ਕੁੱਲ ਸਿੱਖਿਆ ਨੀਤੀ ਲੋਕ ਪੱਖੀ ਹੋਣੀ ਚਾਹੀਦੀ ਹੈ ਅਤੇ ਸਿੱਖਿਆ ਦਾ ਸਾਰਾ ਖਰਚਾ ਸਰਕਾਰ ਨੂੰ ਓਟਣਾ ਚਾਹੀਦਾ ਹੈ।
