ਪੰਜਾਬ ਦੇ ਲੁਧਿਆਣਾ ਪੱਛਮੀ ਹਲਕੇ ਦੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਦੇ ਦਿਹਾਂਤ ਤੋਂ ਬਾਅਦ ਉਪ ਚੋਣ ਦੀ ਤਰੀਕ ਦਾ ਐਲਾਨ ਹੁਣ ਕਿਸੇ ਵੀ ਸਮੇਂ ਹੋ ਸਕਦਾ ਹੈ। ਆਮ ਆਦਮੀ ਪਾਰਟੀ ਨੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ, ਉਥੇ ਹੀ ਹੁਣ ਕਾਂਗਰਸ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਸੋਸ਼ਲ ਮੀਡੀਆ ’ਤੇ ਲਗਾਤਾਰ ਸਰਗਰਮ ਹਨ, ਉਥੇ ਹੀ ਉਹ ਅੱਜ ਕਾਂਗਰਸ ਹਾਈ ਕਮਾਂਡ ਰਾਹੁਲ ਗਾਂਧੀ ਨਾਲ ਮੁਲਾਕਾਤ ਕਰ ਕੇ ਆਏ। ਆਸ਼ੂ ਨੇ ਰਾਹੁਲ ਗਾਂਧੀ ਨਾਲ ਇਕ ਫ਼ੋਟੋ ਵੀ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ।
ਆਸ਼ੂ ਨੇ ਸੋਸ਼ਲ ਮੀਡੀਆ ’ਤੇ ਲਿਖਿਆ-ਬਦਲਾਅ ਦੀ ਹਵਾ ਪੱਛਮ ਤੋਂ ਸ਼ੁਰੂ ਹੋਵੇਗੀ, ਲੁਧਿਆਣਾ ਪੱਛਮ ਤੋਂ ਸ਼ੁਰੂ ਹੋਣ ਵਾਲੀ ਹਵਾ 2027 ਤੱਕ ਪੂਰੇ ਪੰਜਾਬ ’ਚ ਤੂਫ਼ਾਨ ਪੈਦਾ ਕਰੇਗੀ। ਕਾਂਗਰਸ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਜ਼ਬੂਤੀ ਨਾਲ ਵਾਪਸ ਆ ਰਹੀ ਹੈ। ਅੱਜ ਮੈਨੂੰ ਨਵੀਂ ਦਿੱਲੀ ਵਿਚ ਆਪਣੇ ਨੇਤਾ ਅਤੇ ਗੁਰੂ, ਰਾਹੁਲ ਗਾਂਧੀ ਜੀ ਨੂੰ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ। ਉਨ੍ਹਾਂ ਨਾਲ ਹਰ ਗੱਲਬਾਤ ਪ੍ਰੇਰਨਾਦਾਇਕ ਹੈ, ਸੱਚਾਈ ਅਤੇ ਨਿਆਂ ਪ੍ਰਤੀ ਉਨ੍ਹਾਂ ਦੀ ਅਟੁੱਟ ਵਚਨਬੱਧਤਾ ਨਾਲ ਭਰੀ ਹੋਈ ਹੈ। ਮੈਂ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਕਾਂਗਰਸ ਹੁਣ ਤੋਂ ਹਰ ਚੋਣ ਜਿੱਤਣ ਲਈ ਇਕਜੁੱਟ, ਦ੍ਰਿੜ੍ਹ ਅਤੇ ਤਿਆਰ ਹੈ।
ਪੋਸਟ ’ਚ ਆਸ਼ੂ ਨੇ ਅੱਗੇ ਲਿਖਿਆ ਹੈ ਕਿ ਰਾਹੁਲ ਗਾਂਧੀ ਦਾ ਨਿਰੰਤਰ ਸਮਰਥਨ ਅਤੇ ਮਾਰਗਦਰਸ਼ਨ ਮੇਰੇ ਲਈ ਬਹੁਤ ਮਾਇਨੇ ਰੱਖਦਾ ਹੈ ਅਤੇ ਮੈਂ ਉਨ੍ਹਾਂ ਦੇ ਮੇਰੇ ਅਤੇ ਪੰਜਾਬ ਲਈ ਸਾਡੇ ਮਿਸ਼ਨ ਵਿਚ ਵਿਸ਼ਵਾਸ ਲਈ ਬਹੁਤ ਧਨਵਾਦੀ ਹਾਂ। ਬਦਲਾਅ ਸ਼ੁਰੂ ਹੋ ਗਿਆ ਹੈ।
