6 ਮਹੀਨੇ ’ਚ ਹੋਣਗੇ ਮੁਕੰਮਲ, ਵਿਕਾਸ ਕਾਰਜਾਂ ਲਈ ਫੰਡਾਂ ਦੀ ਨਹੀਂ ਕੋਈ ਘਾਟ : ਨਰਿੰਦਰ ਕੌਰ
ਸੰਗਰੂਰ-: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਸੰਗਰੂਰ ਅਧੀਨ ਆਉਂਦੇ ਹਰ ਇਕ ਸ਼ਹਿਰੀ ਅਤੇ ਦਿਹਾਤੀ ਖੇਤਰ ਦਾ ਕਾਇਆ ਕਲਪ ਕਰਨ ਲਈ ਦਿਨ ਰਾਤ ਮਿਹਨਤ ਕੀਤੀ ਜਾ ਰਹੀ ਹੈ ਅਤੇ ਹਰ ਵਰਗ ਨਾਲ ਸਬੰਧਤ ਸਮੱਸਿਆਵਾਂ ਦਾ ਸਥਾਈ ਹੱਲ ਕੀਤਾ ਜਾ ਰਿਹਾ ਹੈ। ਇਹ ਪ੍ਰਗਟਾਵਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਅੱਜ ਜ਼ਿਲਾ ਸੰਗਰੂਰ ਦੇ ਪਿੰਡ ਘਰਾਚੋਂ ਦੀ ਅਨਾਜ ਮੰਡੀ ਵਿਚ ਲਗਭਗ 6 ਕਰੋੜ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵੱਖ-ਵੱਖ ਵਿਕਾਸ ਕਾਰਜਾਂ ਦਾ ਸਾਂਝਾ ਨੀਂਹ ਪੱਥਰ ਰੱਖਦਿਆਂ ਕੀਤਾ।
ਪਿੰਡ ਦੇ ਸਰਪੰਚ ਦਲਜੀਤ ਸਿੰਘ ਘਰਾਚੋਂ ਸਮੇਤ ਹੋਰ ਸ਼ਖਸੀਅਤਾਂ ਦੀ ਮੌਜੂਦਗੀ ਵਿਚ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਦੱਸਿਆ ਕਿ ਪੰਜਾਬ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਸਮੁੱਚੇ ਕਾਰਜਾਂ ਦੀ ਨਿਗਰਾਨੀ ਕਰਨ ਅਤੇ ਨਿਰਮਾਣ ਕਾਰਜਾਂ ਵਿਚ ਕਿਸੇ ਵੀ ਕਿਸਮ ਦੀ ਲਾਪਰਵਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਸਾਲਾਂ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਵਿਚ ਅਨੇਕਾਂ ਲੋਕ ਪੱਖੀ ਪ੍ਰੋਜੈਕਟਾਂ ਨੂੰ ਸਫਲਤਾ ਨਾਲ ਨੇਪਰੇ ਚੜਾਇਆ ਗਿਆ ਹੈ ਅਤੇ ਅਗਲੇ ਦੋ ਸਾਲਾਂ ਵਿਚ ਵੀ ਲੋਕਾਂ ਦੇ ਕੰਮ ਕਰਨ ਲਈ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ।
ਵਿਧਾਇਕ ਨਰਿੰਦਰ ਕੌਰ ਭਰਾਜ ਨੇ ਘਰਾਚੋਂ ਅਨਾਜ ਮੰਡੀ ਵਿਚ 3.85 ਕਰੋੜ ਦੀ ਲਾਗਤ ਨਾਲ ਫੜ ਉੱਤੇ ਹੋਣ ਵਾਲੀ ਸੀਸੀ ਫਲੋਰਿੰਗ, 1.12 ਕਰੋੜ ਰੁਪਏ ਦੀ ਲਾਗਤ ਨਾਲ ਚਾਰ ਦੀਵਾਰੀ ਅਤੇ ਚਾਰ ਗੇਟਾਂ ਦੇ ਨਿਰਮਾਣ, 73.75 ਲੱਖ ਦੀ ਲਾਗਤ ਨਾਲ ਬਣਨ ਵਾਲੇ ਸਟੀਲ ਕਵਰ ਸੈਡ ਅਤੇ 31 ਲੱਖ ਰੁਪਏ ਦੀ ਲਾਗਤ ਨਾਲ ਦੋ ਲਵਾਟਰੀ ਬਲਾਕਾਂ ਦੀ ਉਸਾਰੀ ਦੇ ਕਾਰਜਾਂ ਦਾ ਨੀਹ ਪੱਥਰ ਰੱਖਿਆ।
ਉਨ੍ਹਾਂ ਦੱਸਿਆ ਕਿ ਆਉਣ ਵਾਲੇ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਪਹਿਲਾਂ ਇਹ ਵਿਕਾਸ ਕਾਰਜ ਮੁਕੰਮਲ ਕਰਵਾਉਣ ਦੇ ਆਦੇਸ਼ ਅਧਿਕਾਰੀਆਂ ਨੂੰ ਦਿੱਤੇ ਗਏ ਹਨ ਤਾਂ ਜੋ ਸਮੁੱਚੇ ਸੀਜ਼ਨ ਦੌਰਾਨ ਕਿਸਾਨਾਂ ਅਤੇ ਆੜਤੀਆਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਇਸ ਮੌਕੇ ਸਰਪੰਚ ਦਲਜੀਤ ਸਿੰਘ ਘਰਾਚੋਂ, ਨਗਰ ਕੌਂਸਲ ਭਵਾਨੀਗੜ੍ਹ ਦੇ ਪ੍ਰਧਾਨ ਨਰਿੰਦਰ ਸਿੰਘ ਹਾਕੀ, ਚੇਅਰਮੈਨ ਮਾਰਕੀਟ ਕਮੇਟੀ ਜਗਸੀਰ ਸਿੰਘ ਝਨੇੜੀ, ਪ੍ਰਧਾਨ ਆੜਤੀ ਐਸੋਸੀਏਸ਼ਨ ਪਰਦੀਪ ਮਿੱਤਲ, ਪ੍ਰਧਾਨ ਟਰੱਕ ਯੂਨੀਅਨ ਜਤਿੰਦਰ ਸਿੰਘ ਬਾਜਵਾ, ਨਾਇਬ ਤਹਿਸੀਲਦਾਰ ਹਰਪ੍ਰੀਤ ਸਿੰਘ ਗਿੱਲ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ।
