ਤੜਫਦੇ ਹੋਏ ਲੋਕ ਇਲਾਜ ਲਈ ਸਰਕਾਰੀ ਹਸਪਤਾਲ ਵੱਲ ਭੱਜੇ
ਸੰਗਰੂਰ ’ਚ ਲੱਗੇ ਗੰਜੇਪਨ ਨੂੰ ਦੂਰ ਕਰਨ ਦੇ ਇਕ ਕੈਂਪ ਵਿਚ ਤੇਲ ਲਾਉਣ ਨਾਲ ਕਰੀਬ 20 ਲੋਕਾਂ ਨੂੰ ਅੱਖਾਂ ’ਚ ਐਲਰਜੀ ਹੋ ਗਈ। ਉਕਤ ਲੋਕਾਂ ਨੇ ਸਿਵਲ ਹਸਪਤਾਲ ’ਚ ਇਲਾਜ ਕਰਵਾਇਆ। ਪ੍ਰਸ਼ਾਸਨ ਨੇ ਕੈਂਪ ਪ੍ਰਬੰਧਕਾਂ ਖ਼ਿਲਾਫ਼ ਕਾਰਵਾਈ ਦਾ ਦਾਅਵਾ ਕੀਤਾ ਹੈ।
ਜਾਣਕਾਰੀ ਅਨੁਸਾਰ ਸੰਗਰੂਰ ਦੇ ਮਾਤਾ ਕਾਲੀ ਦੇਵੀ ਮੰਦਰ ਵਿਚ ਇਕ ਸੰਸਥਾ ਨੇ ਗੰਜਾਪਨ ਦੂਰ ਕਰਨ ਲਈ ਕੈਂਪ ਲਗਾਇਆ ਗਿਆ, ਜਿਸ ਸੰਗਰੂਰ ਦੇ ਨਾਲ-ਨਾਲ ਬਰਨਾਲਾ ਅਤੇ ਮਾਨਸਾ ਜ਼ਿਲਿਆਂ ਤੋਂ ਵੀ ਵੱਡੀ ਗਿਣਤੀ ’ਚ ਲੋਕ ਸ਼ਾਮਲ ਹੋਏ। ਇਸ ਦੌਰਾਨ ਜਿਵੇਂ ਹੀ ਲੋਕਾਂ ਨੇ ਆਪਣੇ ਸਿਰਾਂ ’ਤੇ ਤੇਲ ਲਗਾਇਆ, ਉਨ੍ਹਾਂ ਦੀਆਂ ਅੱਖਾਂ ਵਿਚ ਜਲਣ ਅਤੇ ਦਰਦ ਹੋਣ ਲੱਗ ਪਿਆ।
ਇਸ ਦੌਰਾਨ ਕਰੀਬ 20 ਲੋਕਾਂ ਨੂੰ ਸਿਰ ’ਤੇ ਤੇਲ ਲਗਾਉਣ ਕਾਰਨ ਅੱਖਾਂ ਵਿਚ ਐਲਰਜ਼ੀ ਹੋ ਗਈ। ਅੱਖਾਂ ’ਚ ਦਰਦ ਹੋਣ ਕਾਰਨ ਲੋਕ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ’ਚ ਪਹੁੰਚੇ, ਜਿਥੇ ਡਾਕਟਰਾਂ ਦੀ ਟੀਮ ਨੇ ਉਨ੍ਹਾਂ ਦਾ ਇਲਾਜ ਸ਼ੁਰੂ ਕੀਤਾ। ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਕੈਂਪ ਲਈ ਪ੍ਰਸ਼ਾਸਨ ਤੋਂ ਕੋਈ ਇਜਾਜ਼ਤ ਨਹੀਂ ਲਈ ਗਈ ਸੀ।
ਐੱਸ. ਡੀ. ਐੱਮ. ਚਰਨਜੋਤ ਸਿੰਘ ਵਾਲੀਆ ਨੇ ਕਿਹਾ ਕਿ ਕੈਂਪ ਪ੍ਰਬੰਧਕਾਂ ਨੇ ਕੋਈ ਇਜਾਜ਼ਤ ਨਹੀਂ ਲਈ ਸੀ। ਲੋਕਾਂ ਦੀ ਸਿਹਤ ਨਾਲ ਖੇਡਣ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਘਟਨਾ ਤੋਂ ਬਾਅਦ ਦਰਦ ਨਾਲ ਤੜਫਦੇ ਲੋਕ ਸਰਕਾਰੀ ਹਸਪਤਾਲ ਵੱਲ ਭੱਜੇ। ਐਮਰਜੈਂਸੀ ਰੂਮ ਵਿਚ ਲੋਕਾਂ ਦੀ ਗਿਣਤੀ ਲਗਾਤਾਰ ਵਧਣ ਲੱਗੀ।
ਐਮਰਜੈਂਸੀ ’ਚ ਤਾਇਨਾਤ ਡਾਕਟਰ ਅਨੁਸਾਰ ਕਰੀਬ 20 ਲੋਕ ਆਪਣਾ ਇਲਾਜ ਕਰਵਾ ਕੇ ਵਾਪਸ ਜਾ ਚੁੱਕੇ ਹਨ ਅਤੇ ਉਨ੍ਹਾਂ ਨੂੰ ਦੁਬਾਰਾ ਅੱਖਾਂ ਦੇ ਮਾਹਿਰ ਨਾਲ ਸਲਾਹ ਕਰਨ ਦੀ ਕਿਹਾ ਗਿਆ ਹੈ। ਜਦੋਂ ਕਿ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ ਹੈ।
ਐਮਰਜੈਂਸੀ ’ਚ ਇਲਾਜ ਲਈ ਆਏ ਬ੍ਰਿਜ ਮੋਹਨ, ਸੰਜੇ, ਪਿੰਕੀ, ਅਲੋਕ, ਸੰਜੀਵ ਕੁਮਾਰ, ਜਸਵੀਰ ਸਿੰਘ, ਪ੍ਰਦੀਪ ਸਿੰਘ, ਹਰਜਿੰਦਰ ਸਿੰਘ, ਅਮਰੀਕ ਸਿੰਘ, ਪੂਲ ਕੁਮਾਰ, ਬਿੱਟੂ, ਰਾਜ ਅਤੇ ਰਾਜੂ ਨੇ ਦੱਸਿਆ ਕਿ ਉਹ ਕੈਂਪ ’ਚ ਪਹੁੰਚ ਗਏ ਸਨ ਪਰ ਕੈਂਪ ’ਚ ਉਨ੍ਹਾਂ ਦੇ ਸਿਰ ’ਤੇ ਤੇਲ ਲੱਗਣ ਕਾਰਨ ਉਨ੍ਹਾਂ ਦੀਆਂ ਅੱਖਾਂ ਲਾਲ ਹੋਣ ਲੱਗੀਆਂ ਅਤੇ ਉਨ੍ਹਾਂ ਨੂੰ ਤੇਜ਼ ਦਰਦ ਹੋਣ ਲੱਗਾ ਅਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਆਉਣਾ ਪਿਆ।
