Champions Trophy 2025 : ਨਿਊਜ਼ੀਲੈਂਡ ਨੂੰ ਹਰਾ ਕੇ ਚੈਂਪੀਅਨ ਬਣਿਆ ਭਾਰਤ

ਰੋਹਿਤ ਸ਼ਰਮਾ ਦੀ ਕਪਤਾਨੀ ਹੇਠ ਭਾਰਤੀ ਟੀਮ ਨੇ 9 ਮਹੀਨਿਆਂ ਵਿਚ ਦੂਜੀ ਟਰਾਫੀ ਜਿੱਤੀ

Champions Trophy 2025: ਟੀਮ ਇੰਡੀਆ ਨੇ ਚੈਂਪੀਅਨਜ਼ ਟਰਾਫੀ 2025 ਦਾ ਖਿਤਾਬ ਜਿੱਤ ਲਿਆ ਹੈ। ਰੋਹਿਤ ਸ਼ਰਮਾ ਦੀ ਕਪਤਾਨੀ ਹੇਠ ਭਾਰਤੀ ਟੀਮ ਨੇ 9 ਮਹੀਨਿਆਂ ਦੇ ਅੰਦਰ ਦੂਜੀ ਟਰਾਫੀ ਜਿੱਤੀ। ਟੀ-20 ਵਿਸ਼ਵ ਕੱਪ 2024 ਦਾ ਖਿਤਾਬ ਜਿੱਤਣ ਤੋਂ ਬਾਅਦ ਰੋਹਿਤ ਦੀ ਕਪਤਾਨੀ ਹੇਠ ਟੀਮ ਇੰਡੀਆ ਨੇ 12 ਸਾਲਾਂ ਬਾਅਦ ਦੁਬਾਰਾ ਚੈਂਪੀਅਨਜ਼ ਟਰਾਫੀ ਜਿੱਤੀ।

ਐਤਵਾਰ ਨੂੰ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿਚ ਖੇਡੇ ਗਏ ਫਾਈਨਲ ਵਿਚ ਟੀਮ ਇੰਡੀਆ ਨੇ ਸ਼ਾਨਦਾਰ ਗੇਂਦਬਾਜ਼ੀ ਅਤੇ ਕਪਤਾਨ ਰੋਹਿਤ ਸ਼ਰਮਾ ਦੀ ਜ਼ਬਰਦਸਤ ਪਾਰੀ ਦੀ ਮਦਦ ਨਾਲ ਨਿਊਜ਼ੀਲੈਂਡ ਨੂੰ 4 ਵਿਕਟਾਂ ਨਾਲ ਹਰਾਇਆ। ਇਸ ਦੇ ਨਾਲ ਹੀ ਟੀਮ ਇੰਡੀਆ ਨੇ 25 ਸਾਲ ਪਹਿਲਾਂ ਇਸੇ ਟੂਰਨਾਮੈਂਟ ਦੇ ਫਾਈਨਲ ਵਿਚ ਨਿਊਜ਼ੀਲੈਂਡ ਤੋਂ ਆਪਣੀ ਹਾਰ ਦਾ ਬਦਲਾ ਵੀ ਲੈ ਲਿਆ, ਨਾਲ ਹੀ ਇਹ ਟਰਾਫੀ ਸਭ ਤੋਂ ਵੱਧ ਵਾਰ ਜਿੱਤਣ ਦਾ ਰਿਕਾਰਡ ਵੀ ਬਣਾਇਆ।

ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਨਿਊਜ਼ੀਲੈਂਡ ਦੀ ਟੀਮ ਨੇ 50 ਓਵਰਾਂ ਵਿਚ 7 ਵਿਕਟਾਂ ਗੁਆ ਕੇ 251 ਦੌੜਾਂ ਬਣਾਈਆਂ ਤੇ ਭਾਰਤ ਨੂੰ ਜਿੱਤ ਲਈ 252 ਦੌੜਾਂ ਦਾ ਟੀਚਾ ਦਿੱਤਾ। ਬੱਲੇਬਾਜ਼ੀ ਕਰਦਿਆਂ ਨਿਊਜ਼ੀਲੈਂਡ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਵਿਲ ਯੰਗ 15 ਦੌੜਾਂ ਬਣਾ ਵਰੁਣ ਚੱਕਰਵਰਤੀ ਵਲੋਂ ਐੱਲਬੀਡਬਲਯੂਆਊਟ ਹੋਇਆ। ਨਿਊਜ਼ੀਲੈਂਡ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਰਚਿਨ ਰਵਿੰਦਰਾ 37 ਦੌੜਾਂ ਬਣਾ ਕੁਲਦੀਪ ਯਾਦਵ ਵਲੋਂ ਆਊ ਹੋਇਆ। ਨਿਊਜ਼ੀਲੈਂਡ ਨੂੰ ਤੀਜਾ ਝਟਕਾ ਉਦੋਂ ਲੱਗਾ ਜਦੋਂ ਕੇਨ ਵਿਲੀਅਮਸਨ 11 ਦੌੜਾਂ ਬਣਾ ਕੁਲਦੀਪ ਯਾਦਵ ਵਲੋਂ ਆਊਟ ਹੋਇਆ।

ਨਿਊਜ਼ੀਲੈਂਡ ਨੂੰ ਚੌਥਾ ਝਟਕਾ ਉਦੋਂ ਲੱਗਾ ਜਦੋਂ ਟੌਮ ਲਾਥਮ 14 ਦੌੜਾਂ ਬਣਾ ਰਵਿੰਦਰ ਜਡੇਜਾ ਵਲੋਂ ਆਊਟ ਹੋਇਆ। ਨਿਊਜ਼ੀਲੈਂਡ ਨੂੰ ਪੰਜਵਾਂ ਝਟਕਾ ਉਦੋਂ ਲੱਗਾ ਜਦੋਂ ਗਲੇਨ ਫ਼ਿਲਿਪਸ 34 ਦੌੜਾਂ ਬਣਾ ਵਰੁਣ ਚੱਕਰਵਰਤੀ ਵਲੋਂ ਆਊਟ ਹੋਇਆ। ਨਿਊਜ਼ੀਲੈਂਡ ਨੂੰ 6ਵਾਂ ਝਟਕਾ ਉਦੋਂ ਲੱਗਾ ਜਦੋਂ ਡੇਰਿਲ ਮਿਸ਼ੇਲ 63 ਦੌੜਾਂ ਬਣਾ ਸ਼ੰਮੀ ਵਲੋਂ ਆਊਟ ਹੋਇਆ।  ਕਪਤਾਨ ਸੈਂਟਨਰ 8 ਦੌੜਾਂ ਬਣਾ ਰਨਆਊਟ ਹੋਇਆ। ਮਾਈਕਲ ਬ੍ਰੇਸਵੈਲ ਤੇ ਨਾਥਨ ਸਮਿਥ ਨੇ ਅਜੇਤੂ ਰਹਿੰਦੇ ਹੋਏ ਕ੍ਰਮਵਾਰ 53 ਤੇ 0 ਦੌੜਾਂ ਬਣਾਈਆਂ। ਭਾਰਤ ਲਈ ਮੁਹੰਮਦ ਸ਼ੰਮੀ ਨੇ 1, ਵਰੁਣ ਚੱਕਰਵਰਤੀ ਨੇ 2, ਕੁਲਦੀਪ ਯਾਦਵ ਨੇ 2 ਤੇ ਰਵਿੰਦਰ ਜਡੇਜਾ ਨੇ 1 ਵਿਕਟਾਂ ਲਈਆਂ।

ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ਾਂ ਨੇ ਤਾਬੜਤੋੜ ਸ਼ੁਰੂਆਤ ਕੀਤੀ ਪਰ ਸ਼ੁਭਮਨ ਗਿੱਲ ਦੀ ਵਿਕਟ ਡਿੱਗਣ ਤੋਂ ਬਾਅਦ ਰਣ ਗਤੀ ਹੌਲੀ ਪੈਣ ਲੱਗੀ। ਕੋਹਲੀ ਤੇ ਰੋਹਿਤ ਸ਼ਰਮਾ ਦੀ ਵਿਕਟ ਡਿੱਗਣ ਤੋਂ ਬਾਅਦ ਭਾਰਤੀ ਬੱਲੇਬਾਜ਼ਾਂ ਨੇ ਟਿਕ ਕੇ ਖੇਡਣਾ ਸ਼ੁਰੂ ਕੀਤਾ ਤੇ ਅੰਤ ਤਕ ਬੜੀ ਸੂਝ-ਬੂਝ ਨਾਲ ਮੈਚ ਨੂੰ ਲੈ ਕੇ ਗਏ। ਰੋਹਿਤ (83 ਗੇਂਦਾਂ ’ਤੇ  76 ਦੌੜਾਂ) ਅਤੇ ਸ਼੍ਰੇਅਸ ਅਈਅਰ (62 ਗੇਂਦਾਂ ’ਤੇ  48 ਦੌੜਾਂ) ਦੀ ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ ਭਾਰਤ ਨੇ 252 ਦੌੜਾਂ ਦੇ ਟੀਚੇ ਨੂੰ ਛੇ ਗੇਂਦਾਂ ਬਾਕੀ ਰਹਿੰਦੇ ਪੂਰਾ ਕਰ ਲਿਆ।

ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਨੂੰ ਕੁੱਝ  ਚਿੰਤਾਜਨਕ ਪਲਾਂ ਦਾ ਸਾਹਮਣਾ ਕਰਨਾ ਪਿਆ ਜਦੋਂ ਉਸ ਨੇ ਤਿੰਨ ਵਿਕਟਾਂ ’ਤੇ  183 ਦੌੜਾਂ ਬਣਾਉਣ ਤੋਂ ਬਾਅਦ ਦੋ ਵਿਕਟਾਂ ਗੁਆ ਦਿਤੀਆਂ, ਪਰ ਕੇ. ਐਲ. ਰਾਹੁਲ (33 ਗੇਂਦਾਂ ’ਤੇ  ਨਾਬਾਦ 34) ਨੇ ਹਾਰਦਿਕ ਪਾਂਡਿਆ ਦੀ 18 ਦੌੜਾਂ ਦੀ ਸ਼ਾਨਦਾਰ ਪਾਰੀ ਤੋਂ ਬਾਅਦ ਅਪਣੀ ਟੀਮ ਨੂੰ ਜਿੱਤ ਦਿਵਾਉਣ ਲਈ ਸ਼ਾਨਦਾਰ ਸੰਜਮ ਵਿਖਾਇਆ।

ਭਾਰਤ ਨੇ ਇਕ ਵੀ ਮੈਚ ਹਾਰੇ ਬਿਨਾਂ ਟਰਾਫੀ ਜਿੱਤੀ, ਜੋ ਉਸ ਦੇ ਦਬਦਬੇ ਨੂੰ ਦਰਸਾਉਂਦੀ ਹੈ। ਸ਼ਾਨਦਾਰ ਅਰਧ ਸੈਂਕੜੇ ਦੀ ਬਦੌਲਤ ਕਪਤਾਨ ਰੋਹਿਤ ਸ਼ਰਮਾ ‘ਪਲੇਅਰ ਆਫ਼ ਦ ਮੈਚ’ ਬਣੇ। ਟੂਰਨਾਮੈਂਟ ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਰਚਿਨ ਰਵਿੰਦਰਾ ‘ਪਲੇਅਰ ਆਫ਼ ਦ ਸੀਰੀਜ਼’ ਰਹੇ।

Leave a Reply

Your email address will not be published. Required fields are marked *