ਮੂੰਹ ਬੋਲੇ ਪੁੱਤਰ ਨੇ ਨਿਗਲੀ ਸਲਫਾਸ, ਮੌਤ
ਗੁਰਦਾਸਪੁਰ -: ਇਕ ਔਰਤ ਵੱਲੋਂ ਪਹਿਲਾਂ ਇਕ ਨੌਜਵਾਨ ਨੂੰ ਆਪਣਾ ਮੂੰਹ ਬੋਲਿਆ ਪੁੱਤਰ ਬਣਾਇਆ ਗਿਆ, ਫਿਰ ਉਸ ਕੋਲੋਂ ਅਤੇ ਉਸ ਰਾਹੀਂ ਹੋਰ ਫਾਈਨਾਂਸਰਾਂ ਕੋਲੋਂ ਵੀ ਲੱਖਾਂ ਰੁਪਏ ਲੈ ਲਏ ਗਏ। ਜਦੋਂ ਫਾਈਨਾਂਸਰਾਂ ਨੇ ਨੌਜਵਾਨ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਤਾਂ ਨੌਜਵਾਨ ਨੇ ਆਪਣੀ ਮੂੰਹ ਬੋਲੀ ਮਾਂ ਕੋਲੋਂ ਪੈਸੇ ਮੰਗਣੇ ਸ਼ੁਰੂ ਕੀਤੇ ਤਾਂ ਉਸ ਨੇ ਲੜਕੇ ਨੂੰ ਆਪਣੇ ਪੁਲਸੀਏ ਘਰ ਵਾਲੇ ਦੀ ਧੌਸ ਦਿਖਾ ਕੇ ਧਮਕਾਉਣਾ ਸ਼ੁਰੂ ਕਰ ਦਿੱਤਾ।
ਬੀਤੀ ਰਾਤ ਵੀ ਜਦੋਂ ਜਤਿੰਦਰ ਸ਼ਰਮਾ ਨਾਂ ਦਾ ਇਹ ਨੌਜਵਾਨ ਉਨ੍ਹਾਂ ਦੇ ਘਰ ਪੈਸੇ ਮੰਗਣ ਗਿਆ ਤਾਂ ਉਸ ਨੌਜਵਾਨ ਨਾਲ ਕੁੱਟ-ਮਾਰ ਕੀਤੀ ਗਈ। ਮ੍ਰਿਤਕ ਜਤਿੰਦਰ ਦੀ ਪਤਨੀ ਭਾਰਤੀ ਸ਼ਰਮਾ, ਭਰਜਾਈ ਪ੍ਰੀਤੀ ਸ਼ਰਮਾ ਅਤੇ ਭਤੀਜੇ ਅਨੁਰਾਗ ਅਨੁਸਾਰ ਜਤਿੰਦਰ ਨੂੰ ਔਰਤ ਦੇ ਪੁਲਸੀਏ ਘਰਵਾਲੇ ਵੱਲੋਂ ਝੂਠੇ ਮਾਮਲੇ ’ਚ ਫਸਾਉਣ ਦੀਆਂ ਧਮਕੀਆਂ ਵੀ ਦਿੱਤੀਆਂ, ਜਿਸ ਤੋਂ ਦੁਖੀ ਹੋ ਕੇ ਜਤਿੰਦਰ ਨੇ ਸਲਫਾਸ ਨਿਗਲ ਲਈ ਅਤੇ ਕੁਝ ਸਮੇਂ ਬਾਅਦ ਹੀ ਉਸ ਦੀ ਮੌਤ ਹੋ ਗਈ।
ਦੱਸਿਆ ਗਿਆ ਕਿ ਸਲਫਾਸ ਨਿਗਲਣ ਤੋਂ ਪਹਿਲਾਂ ਮ੍ਰਿਤਕ ਜਤਿੰਦਰ ਵੱਲੋਂ ਇਕ ਕਾਗਜ਼ ’ਤੇ ਇਹ ਲਿਖ ਕੇ ਛੱਡ ਦਿੱਤਾ ਗਿਆ ਸੀ ਕਿ ਉਸ ਦੀ ਮੌਤ ਦੇ ਜ਼ਿੰਮੇਦਾਰ ਉਸ ਦੀ ਮੂੰਹ ਬੋਲੀ ਮਾਂ ਅਤੇ ਪਿਉ ਹਨ। ਪਰਿਵਾਰ ਦੀ ਸ਼ਿਕਾਇਤ ’ਤੇ ਥਾਣਾ ਸਿਟੀ ਗੁਰਦਾਸਪੁਰ ਦੀ ਪੁਲਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 40 ਵਰ੍ਹਿਆਂ ਦਾ ਮ੍ਰਿਤਕ ਜਤਿੰਦਰ ਸ਼ਰਮਾ ਸਿਟੀ ਕੇਬਲ ਦਾ ਕੰਮ ਕਰਦਾ ਸੀ। ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਤੱਕ ਮੁਲਜ਼ਮਾਂ ਦੀ ਗ੍ਰਿਫਤਾਰੀ ਨਹੀਂ ਹੁੰਦੀ, ਮ੍ਰਿਤਕ ਦਾ ਸਸਕਾਰ ਨਹੀਂ ਕੀਤਾ ਜਾਵੇਗਾ।
