ਕਿਸਾਨਾਂ ਖਿਲਾਫ ਜਬਰ, ਅੰਨਿਆਏ ਤੇ ਧਕੇਸ਼ਾਹੀ ਨਹੀ ਹੋਵੇਗੀ ਬਰਦਾਸ਼ਤ : ਸਰਵਨ ਪੰਧੇਰ
ਕਿਸਾਨਾਂ ਨੂੰ ਧਰਨੇ ਲਈ 34 ਜਾਂ 17 ਸੈਕਟਰ ਵਿਚ ਦਿੱਤੀ ਜਾਵੇ ਥਾਂ
- ਪਟਿਆਲਾ : ਸੰਯੁਕਤ ਕਿਸਾਨ ਮੋਰਚਾ ਅਤੇ ਹੋਰ ਜਥੇਬੰਦੀਆਂ ਦੇ ਆਗੂਆਂ ਦੀ ਗ੍ਰਿਫਤਾਰੀ ਅਤੇ ਧਰਨਾ ਪ੍ਰਦਰਸ਼ਨ ਕਰਨ ਦੇ ਜਮਹੂਰੀ ਅਧਿਕਾਰ ਨੂੰ ਦੱਬਣ ਲਈ ਕੀਤੇ ਜਬਰ, ਅਨਿਆਂ ਤੇ ਧਕੇਸ਼ਾਹੀ ਖਿਲਾਫ ਅੱਜ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿਚ ਹਜਾਰਾਂ ਕਿਸਾਨਾਂ ਨੇ 18 ਜ਼ਿਲਿਆ ਵਿੱਚ 108 ਥਾਵਾਂ ਤੇ ਸਰਕਾਰ ਦੇ ਪੁਤਲੇ ਫੂਕ ਕੇ ਰੋਸ ਮੁਜਾਹਰੇ ਕੀਤੇ ਗਏ।
ਕਿਸਾਨ ਮਜ਼ਦੂਰ ਸ਼ੰਘਰਸ਼ ਕਮੇਟੀ ਪੰਜਾਬ ਵੱਲੋਂ ਕਿਸਾਨ ਨੇਤਾ ਸਰਵਨ ਸਿੰਘ ਪੰਧੇਰ, ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਅਤੇ ਸੂਬਾ ਜਨਰਲ ਸਕੱਤਰ ਰਾਣਾ ਰਣਬੀਰ ਸਿੰਘ ਠੱਠਾ ਨੇ ਦੱਸਿਆ ਕਿ ਜਿਸ ਤਰ੍ਹਾਂ 3 ਮਾਰਚ ਨੂੰ ਚੰਡੀਗੜ੍ਹ ਵਿੱਚ ਕਿਸਾਨ ਆਗੂਆਂ ਨਾਲ ਚੱਲ ਰਹੀ ਮੀਟਿੰਗ ਨੂੰ ਵਿਚਾਲੇ ਛੱਡਕੇ ਗਏ ਅਤੇ ਅੱਧੀ ਰਾਤ ਤੋਂ ਛਾਪੇਮਾਰੀ ਕਰਕੇ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਨੂੰ ਗ੍ਰਿਫਤਾਰ ਕਰਕੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਜਥੇਬੰਦੀ ਵੱਲੋਂ ਉਹਨਾਂ ਦੇ ਇਸ ਕਾਰੇ ਦੀ ਸ਼ਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਜਾਂਦੀ ਹੈ।
ਉਨਾ ਕਿਹਾ ਕਿ ਕਿਸਾਨ ਮਜ਼ਦੂਰ ਜਥੇਬੰਦੀ ਦੇ ਕਿਸਾਨਾਂ ਮਜਦੂਰਾਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਵਾਲੀ ਹਰ ਆਵਾਜ਼ ਦੇ ਹੱਕ ਵਿੱਚ ਖੜੀ ਹੈ ਅਤੇ ਵਿਚਾਰਕ ਮਤਭੇਦ ਕਦੀ ਸਾਡੇ ਰਾਹ ਦਾ ਰੋੜਾ ਨਹੀਂ ਬਣੇ। ਉਹਨਾ ਮੰਗ ਕੀਤੀ ਕਿ ਗ੍ਰਿਫਤਾਰ ਅਤੇ ਨਜ਼ਰਬੰਦ ਕੀਤੇ ਆਗੂਆਂ ਨੂੰ ਤਰੁੰਤ ਰਿਹਾਅ ਕੀਤਾ ਜਾਵੇ ਅਤੇ ਰੋਸ ਪ੍ਰਦਰਸ਼ਨ ਕਰਨ ਲਈ ਚੰਡੀਗੜ੍ਹ ਦੇ 34 ਜਾਂ 17 ਸੈਕਟਰ ਵਿੱਚ ਥਾਂ ਦਿੱਤੀ ਜਾਵੇ ਅਤੇ ਕਿਸਾਨਾਂ ਦੀਆਂ 18 ਮੰਗਾਂ ਤਰੁੰਤ ਮੰਨੀਆ ਜਾਣ । - ਇਸ ਮੌਕੇ ਸਤਨਾਮ ਸਿੰਘ ਪੰਨੂ, ਸਵਿੰਦਰ ਸਿੰਘ ਚੁਤਾਲਾ, ਸਰਵਣ ਸਿੰਘ ਪੰਧੇਰ, ਗੁਰਬਚਨ ਸਿੰਘ ਚੱਬਾ, ਜਸਬੀਰ ਸਿੰਘ ਪਿੱਦੀ, ਹਰਵਿੰਦਰ ਸਿੰਘ ਮਸਾਣੀਆਂ, ਲਖਵਿੰਦਰ ਸਿੰਘ ਵਰ੍ਹਿਆਮ ਨੰਗਲ, ਜਰਮਨਜੀਤ ਸਿੰਘ ਬੰਡਾਲਾ, ਰਣਜੀਤ ਸਿੰਘ ਕਲੇਰ ਬਾਲਾ, ਸਤਿਨਾਮ ਸਿੰਘ ਮਾਨੋਚਾਹਲ, ਹਰਜਿੰਦਰ ਸਿੰਘ ਸ਼ਕਰੀ, ਸਲਵਿੰਦਰ ਸਿੰਘ ਜਾਣੀਆਂ, ਹਰਪ੍ਰੀਤ ਸਿੰਘ ਸਿੱਧਵਾਂ, ਪਰਮਜੀਤ ਸਿੰਘ ਹੁਸ਼ਿਆਰਪੁਰ, ਗੁਰਲਾਲ ਸਿੰਘ ਪੰਡੋਰੀ ਸਮੇਤ ਹਜ਼ਾਰਾਂ ਕਿਸਾਨ ਮਜਦੂਰ ਹਾਜਰ ਸਨ।
