ਪੁਲਸ ਨੇ ਜਾਂਚ ਲਈ ਲਿਆ ਹਿਰਾਸਤ ’ਚ
ਅੰਮ੍ਰਿਤਸਰ- ਅਮਰੀਕਾ ਵਿਚ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਭਾਰਤੀਆਂ ਬਾਰੇ ਲਗਾਤਾਰ ਨਵੀਆਂ ਰਿਪੋਰਟਾਂ ਆ ਰਹੀਆਂ ਹਨ।
ਐਤਵਾਰ ਇਕ ਜਹਾਜ਼ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਉਤਰਿਆ, ਜਿਸ ਵਿਚੋਂ 4 ਪੰਜਾਬੀਆਂ ਨੂੰ ਉਤਾਰਿਆ ਗਿਆ ਤੇ ਉਨ੍ਹਾਂ ਨੂੰ ਇਕ ਹੋਰ ਉਡਾਣ ਰਾਹੀਂ ਅੰਮ੍ਰਿਤਸਰ ਹਵਾਈ ਅੱਡੇ ‘ਤੇ ਭੇਜਿਆ ਗਿਆ। ਇਨ੍ਹਾਂ ਚਾਰਾਂ ਵਿਚੋਂ 2 ਬਟਾਲਾ, ਇਕ ਪਟਿਆਲਾ ਅਤੇ ਇਕ ਜਲੰਧਰ ਦਾ ਹੈ। ਉਨ੍ਹਾਂ ਦੀ ਪਛਾਣ ਜਤਿੰਦਰ ਸਿੰਘ, ਮਨਿੰਦਰ ਸਿੰਘ, ਜੁਗਰਾਜ ਸਿੰਘ ਤੇ ਹਰਪ੍ਰੀਤ ਸਿੰਘ ਵਜੋਂ ਹੋਈ ਹੈ। ਉਨ੍ਹਾਂ ਨੂੰ ਪੰਜਾਬ ਪੁਲਸ ਨੇ ਰਾਜਾਸਾਂਸੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਹਿਰਾਸਤ ’ਚ ਲਿਆ ।
ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁੱਛਗਿੱਛ ਕਰਨ ਤੋਂ ਬਾਅਦ,ਪੁਲਸ ਉਨ੍ਹਾਂ ਨੂੰ ਉਨ੍ਹਾਂ ਦੇ ਘਰ ਲਿਜਾਏਗੀ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹੁਕਮਾਂ ’ਤੇ ਲਗਭਗ 18 ਹਜ਼ਾਰ ਭਾਰਤੀਆਂ ਨੂੰ ਵਤਨ ਭੇਜਿਅਾ ਜਾਏਗਾ। ਇਨ੍ਹਾਂ ’ਚੋਂ ਹੁਣ ਤੱਕ 336 ਭਾਰਤੀ ਵਾਪਸ ਭੇਜੇ ਜਾ ਚੁਕੇ ਹਨ। 5 ਫਰਵਰੀ ਨੂੰ 104 ਭਾਰਤੀ, 15 ਫਰਵਰੀ ਨੂੰ 116 ਤੇ 16 ਫਰਵਰੀ ਨੂੰ 112 ਭਾਰਤੀ ਵਾਪਸ ਆਏ ਸਨ।
ਇਸ ਤੋਂ ਬਾਅਦ ਐਤਵਾਰ 4 ਹੋਰ ਭਾਰਤੀਆਂ ਨੂੰ ਪੰਜਾਬ ਭੇਜਿਆ ਗਿਆ। ਇਨ੍ਹਾਂ ’ਚੋਂ ਜਤਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਜੋਬਨਜੀਤ ਸਿੰਘ ਨੂੰ 52 ਲੱਖ ਰੁਪਏ ਦਿੱਤੇ ਸਨ ਜਿਸ ਨੇ ਉਸ ਨੂੰ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਭੇਜਿਆ ਸੀ।
ਇਸੇ ਤਰ੍ਹਾਂ ਮਨਿੰਦਰ ਸਿੰਘ ਨੇ ਦੱਸਿਆ ਕਿ ਉਹ 42 ਲੱਖ ਰੁਪਏ ਦੇ ਕੇ ਅਮਰੀਕਾ ਆਇਆਾ ਸੀ। ਜੁਗਰਾਜ ਸਿੰਘ ਨੇ 38 ਲੱਖ ਰੁਪਏ ਦਿੱਤੇ ਸਨ। ਹਰਪ੍ਰੀਤ ਸਿੰਘ ਨੇ ਵੀ ਟ੍ਰੈਵਲ ਏਜੰਟ ਨੂੰ 38 ਲੱਖ ਰੁਪਏ ਦਿੱਤੇ ਸਨ ਤੇ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਪਹੁੰਚਿਆ ਸੀ।
