ਅਮਰੀਕਾ ਵੱਲੋਂ ਕੱਢੇ ਭਾਰਤੀਆਂ ਦੇ ਮਾਮਲੇ ਵਿਚ ਐੱਸ. ਆਈ. ਟੀ. ਨੇ ਹੁਣ ਤੱਕ 15 ਮਾਮਲੇ ਕੀਤੇ ਦਰਜ

ਸੰਗਰੂਰ ਪੁਲਿਸ ਨੇ 2 ਹੋਰ ਟਰੈਵਲ ਏਜੰਟਾਂ ਨੂੰ ਕੀਤਾ ਗ੍ਰਿਫ਼ਤਾਰ

ਚੰਡੀਗੜ੍ਹ : ਭੋਲੇ-ਭਾਲੇ ਲੋਕਾਂ ਦਾ ਸ਼ੋਸ਼ਣ ਕਰਨ ਵਾਲੇ ਧੋਖੇਬਾਜ਼ ਇਮੀਗ੍ਰੇਸ਼ਨ ਏਜੰਟਾਂ ’ਤੇ ਆਪਣੀ ਕਾਰਵਾਈ ਜਾਰੀ ਰੱਖਦੇ ਹੋਏ ਏ. ਡੀ. ਜੀ. ਪੀ. ਐਨ. ਆਰ. ਆਈ. ਮਾਮਲੇ ਪ੍ਰਵੀਨ ਸਿਨਹਾ ਦੀ ਅਗਵਾਈ ਵਾਲੀ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਨੇ ਟਰੈਵਲ ਏਜੰਟਾਂ ਵਿਰੁਧ ਪੰਜ ਨਵੀਆਂ ਐੱਫ਼. ਆਈ. ਆਰਜ਼ ਦਰਜ ਕੀਤੀਆਂ ਹਨ ਅਤੇ 2 ਹੋਰ ਧੋਖੇਬਾਜ਼ ਟਰੈਵਲ ਏਜੰਟਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਸ ਕਾਰਵਾਈ ਸਦਕਾ ਹੁਣ ਤਕ ਕੁਲ ਐੱਫ਼ .ਆਈ. ਆਰਜ਼. ਦੀ ਗਿਣਤੀ 15 ਹੋ ਗਈ ਹੈ, ਜਦੋਂ ਕਿ ਗ੍ਰਿਫ਼ਤਾਰੀਆਂ ਦੀ ਗਿਣਤੀ ਤਿੰਨ ਹੋ ਗਈ ਹੈ। ਇਹ ਐਫ਼. ਆਈ. ਆਰਜ਼. ਉਨ੍ਹਾਂ ਏਜੰਟਾਂ ਵਿਰੁਧ ਦਰਜ ਕੀਤੀਆਂ ਗਈਆਂ ਹਨ, ਜਿਨ੍ਹਾਂ ਨੇ ਕਥਿਤ ਤੌਰ ’ਤੇ ਪੀੜਤਾਂ ਨੂੰ ਅਮਰੀਕਾ ਵਿਚ ਗ਼ੈਰ-ਕਾਨੂੰਨੀ ਢੰਗ ਨਾਲ ਦਾਖ਼ਲ ਹੋਣ ਦੇ ਝੂਠੇ ਵਾਅਦੇ ਕਰ ਕੇ ਧੋਖਾ ਦਿੱਤਾ ਸੀ, ਜਿਸ ਦੇ ਨਤੀਜੇ ਵਜੋਂ ਉਨ੍ਹਾਂ (ਪੀੜਤਾਂ) ਦੀ ਵਤਨ ਵਾਪਸੀ ਹੋਈ ਹੈ।

ਤਾਜ਼ਾ ਐਫ਼. ਆਈ. ਆਰ. 17 ਅਤੇ 18 ਫ਼ਰਵਰੀ, 2025 ਨੂੰ ਤਰਨਤਾਰਨ, ਐਸ. ਏ. ਐਸ. ਨਗਰ, ਮੋਗਾ ਅਤੇ ਸੰਗਰੂਰ  ਜ਼ਿਲ੍ਹਿਆਂ ਵਿਚ ਦਰਜ ਕੀਤੀਆਂ ਗਈਆਂ। ਅਣ-ਅਧਿਕਾਰਤ ਨੈੱਟਵਰਕਾਂ ਰਾਹੀਂ ਕੰਮ ਕਰਨ ਵਾਲੇ ਦੋਸ਼ੀ ਏਜੰਟ, ਪੀੜਤਾਂ ਤੋਂ ਸੁਰੱਖਿਅਤ ਅਤੇ ਕਾਨੂੰਨੀ ਇਮੀਗ੍ਰੇਸ਼ਨ ਰੂਟਾਂ ਦਾ ਵਾਅਦਾ ਕਰ ਕੇ ਮੋਟੀਆਂ ਰਕਮਾਂ ਵਸੂਲਦੇ  ਹਨ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਗ਼ੈਰ-ਮਨੁੱਖੀ ਸਥਿਤੀਆਂ, ਨਜ਼ਰਬੰਦੀ ਅਤੇ ਅੰਤ ਵਿਚ ਵਤਨ ਵਾਪਸੀ ਦਾ ਸਾਹਮਣਾ ਕਰਨਾ ਪੈਂਦਾ ਹੈ। ਦੋ ਟਰੈਵਲ ਏਜੰਟਾਂ ਨੂੰ ਸੰਗਰੂਰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ ਕੁੱਝ ਦਿਨ ਪਹਿਲਾਂ ਪੁਲਿਸ ਥਾਣਾ ਐਨ. ਆਰ. ਆਈ. ਪਟਿਆਲਾ ਦੁਆਰਾ ਕੀਤੀ ਗਈ। ਗ੍ਰਿਫ਼ਤਾਰੀ ਕੁੱਝ ਦਿਨ ਬਾਅਦ ਹੋਈ ਹੈ।

ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਨੇ ਦੁਹਰਾਇਆ ਕਿ ਪੰਜਾਬ ਪੁਲਿਸ ਇਨ੍ਹਾਂ ਧੋਖੇਬਾਜ਼ ਇਮੀਗ੍ਰੇਸ਼ਨ ਸਿੰਡੀਕੇਟਾਂ ਨੂੰ ਖ਼ਤਮ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਨੇ ਪੀੜਤਾਂ ਨੂੰ ਬਿਨਾਂ ਕਿਸੇ ਡਰ ਦੇ ਅੱਗੇ ਆਉਣ ਦੀ ਅਪੀਲ ਕੀਤੀ ਅਤੇ ਦੋਸ਼ੀਆਂ ਵਿਰੁਧ ਸਖ਼ਤ ਕਾਨੂੰਨੀ ਕਾਰਵਾਈ ਦਾ ਭਰੋਸਾ ਦਿਤਾ।

Leave a Reply

Your email address will not be published. Required fields are marked *