ਮਲੋਟ -ਮੰਡੀ ਕਿੱਲਿਆਂਵਾਲੀ ’ਚ ਟਰੈਕਟਰ-ਟਰਾਲੀ ਦੀ ਲਪੇਟ ’ਚ ਆਉਣ ਨਾਲ 7 ਸਾਲਾ ਬੱਚੇ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਦੀਪਕ ਕੁਮਾਰ ਪੁੱਤਰ ਵਿੱਕੀ ਰਾਮ ਵਜੋਂ ਹੋਈ ਹੈ। ਦੀਪਕ ਆਪਣੇ ਚਾਚਾ ਪ੍ਰਵੀਨ ਕੁਮਾਰ ਨਾਲ ਮੋਟਰਸਾਈਕਲ ’ਤੇ ਆਰ. ਓ. ਤੋਂ ਪਾਣੀ ਲੈਣ ਗਿਆ ਸੀ। ਪ੍ਰਵੀਨ ਕੁਮਾਰ ਨੇ ਦੱਸਿਆ ਕਿ ਉਹ ਤੇ ਦੀਪਕ ਆਰ. ਓ. ਦੇ ਸਾਹਮਣੇ ਮੋਟਰਸਾਈਕਲ ਤੋਂ ਹੇਠਾਂ ਉਤਰ ਗਏ ਸਨ।
ਉਸ ਵੇਲੇ ਉੱਥੋਂ ਲੰਘ ਰਹੇ ਇਕ ਤੇਜ਼ ਰਫ਼ਤਾਰ ਟਰੈਕਟਰ-ਟਰਾਲੀ ਦੇ ਚਾਲਕ ਨੇ ਅਚਾਨਕ ਕੱਟ ਮਾਰ ਕੇ ਦੀਪਕ ਨੂੰ ਲਪੇਟ ’ਚ ਲੈ ਲਿਆ। ਟਰਾਲੀ ਦੇ ਟਾਇਰ ਨੇ ਉਸ ਦੇ ਭਤੀਜੇ ਦੀਪਕ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ। ਦੀਪਕ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਗਿੱਦੜਬਾਹਾ ਭੇਜ ਦਿੱਤਾ ਗਿਆ ਹੈ। ਡਰਾਈਵਰ ਟਰੈਕਟਰ-ਟਰਾਲੀ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਏ. ਐੱਸ. ਆਈ. ਹਰਬੰਸ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ। ਪੁਲਸ ਵੱਲੋਂ ਮ੍ਰਿਤਕ ਦੇ ਚਾਚਾ ਪ੍ਰਵੀਨ ਕੁਮਾਰ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਟਰੈਕਟਰ-ਟਰਾਲੀ ਚਾਲਕ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ।
