ਟੀਮ ਇੰਡੀਆ ਦਾ ਨੰਬਰ-1 ਗੇਂਦਬਾਜ਼ ਬਣਿਆ
ਕੋਲਕਾਤਾ – ਭਾਰਤ ਦੇ ਨੌਜਵਾਨ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਟੀ-20ਆਈ ਕ੍ਰਿਕਟ ਵਿਚ ਭਾਰਤ ਲਈ ਇਤਿਹਾਸ ਰਚਿਆ। ਉਨ੍ਹਾਂ ਨੇ ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ ਵਿੱਚ ਇੰਗਲੈਂਡ ਵਿਰੁੱਧ ਟੀ-20 ਸੀਰੀਜ਼ ਦੇ ਪਹਿਲੇ ਮੈਚ ਵਿਚ ਟੀਮ ਇੰਡੀਆ ਨੂੰ ਮਜ਼ਬੂਤ ਸ਼ੁਰੂਆਤ ਦਿੱਤੀ।
ਉਨ੍ਹਾਂ ਨੇ ਆਪਣੇ ਪਹਿਲੇ 2 ਓਵਰਾਂ ਵਿੱਚ 2 ਵਿਕਟਾਂ ਲਈਆਂ ਅਤੇ ਇੰਗਲੈਂਡ ਨੂੰ ਬੈਕਫੁੱਟ ‘ਤੇ ਪਾ ਦਿੱਤਾ। ਇਸ ਦੇ ਨਾਲ ਹੀ ਅਰਸ਼ਦੀਪ ਸਿੰਘ ਨੇ ਟੀ-20ਆਈ ਕ੍ਰਿਕਟ ਵਿੱਚ ਭਾਰਤ ਲਈ ਸਭ ਤੋਂ ਵੱਧ ਵਿਕਟਾਂ ਲੈਣ ਦਾ ਰਿਕਾਰਡ ਵੀ ਆਪਣੇ ਨਾਮ ਕਰ ਲਿਆ।
ਟੀ-20 ਵਿਚ ਭਾਰਤ ਦਾ ਸਭ ਤੋਂ ਸਫਲ ਗੇਂਦਬਾਜ਼
ਅਰਸ਼ਦੀਪ ਸਿੰਘ ਦਾ ਅੰਤਰਰਾਸ਼ਟਰੀ ਕ੍ਰਿਕਟ ਡੈਬਿਊ ਨਵੰਬਰ 2022 ਵਿੱਚ ਹੋਇਆ ਸੀ। ਉਸ ਨੇ ਸਿਰਫ 2 ਸਾਲਾਂ ਵਿੱਚ ਟੀ-20ਆਈ ਕ੍ਰਿਕਟ ਵਿੱਚ ਭਾਰਤ ਲਈ ਸਭ ਤੋਂ ਵੱਧ ਵਿਕਟਾਂ ਲੈਣ ਦਾ ਰਿਕਾਰਡ ਬਣਾਇਆ ਹੈ। ਇੰਗਲੈਂਡ ਖਿਲਾਫ ਇਸ ਮੈਚ ‘ਚ ਉਸ ਨੇ ਆਪਣੇ ਪਹਿਲੇ ਹੀ ਓਵਰ ‘ਚ ਫਿਲ ਸਾਲਟ ਦਾ ਵਿਕਟ ਲਿਆ ਸੀ। ਫਿਲ ਸਾਲਟ ਬਿਨਾਂ ਖਾਤਾ ਖੋਲ੍ਹੇ ਹੀ ਪੈਵੇਲੀਅਨ ਪਰਤ ਗਏ। ਇਸ ਵਿਕਟ ਦੇ ਨਾਲ ਉਸ ਨੇ ਸਭ ਤੋਂ ਵੱਧ ਵਿਕਟਾਂ ਲੈਣ ਦੀ ਸੂਚੀ ਵਿੱਚ ਯੁਜਵੇਂਦਰ ਚਾਹਲ ਦੀ ਬਰਾਬਰੀ ਕਰ ਲਈ ਹੈ। ਇਸ ਤੋਂ ਬਾਅਦ ਉਸ ਨੇ ਆਪਣੇ ਅਗਲੇ ਓਵਰ ਵਿੱਚ ਬੇਨ ਡਕੇਟ ਨੂੰ ਆਪਣਾ ਸ਼ਿਕਾਰ ਬਣਾਇਆ ਤੇ ਰਿਕਾਰਡ ਤੋੜ ਦਿੱਤਾ।
ਅਰਸ਼ਦੀਪ ਸਿੰਘ ਤੋਂ ਪਹਿਲਾਂ ਯੁਜਵੇਂਦਰ ਚਾਹਲ ਟੀ-20 ਵਿੱਚ 96 ਵਿਕਟਾਂ ਲੈ ਕੇ ਭਾਰਤ ਦੇ ਸਭ ਤੋਂ ਸਫਲ ਗੇਂਦਬਾਜ਼ ਸਨ। ਇਸ ਦੇ ਨਾਲ ਹੀ ਇਸ ਸੂਚੀ ‘ਚ ਭੁਵਨੇਸ਼ਵਰ ਕੁਮਾਰ ਦਾ ਨਾਂ ਤੀਜੇ ਸਥਾਨ ‘ਤੇ ਹੈ। ਟੀ-20 ਕ੍ਰਿਕਟ ‘ਚ ਉਨ੍ਹਾਂ ਦੇ ਨਾਂ 90 ਵਿਕਟਾਂ ਹਨ। ਇਨ੍ਹਾਂ ਤੋਂ ਇਲਾਵਾ ਜਸਪ੍ਰੀਤ ਬੁਮਰਾਹ ਤੇ ਹਾਰਦਿਕ ਪੰਡਯਾ 89-89 ਵਿਕਟਾਂ ਲੈ ਕੇ ਚੌਥੇ ਸਥਾਨ ‘ਤੇ ਹਨ।