ਬਠਿੰਡਾ – ਜਿਲਾ ਬਠਿੰਡ ਵਿਚ ਬੁੱਧਵਾਰ ਨੂੰ ਐੱਨ. ਆਈ. ਏ. ਦੀ ਟੀਮ ਨੇ ਸ਼ਹਿਰ ਦੇ ਪ੍ਰਤਾਪ ਨਗਰ ’ਚ ਰਹਿਣ ਵਾਲੇ ਦੋ ਸਕੇ ਭਰਾਵਾਂ ਮਨਪ੍ਰੀਤ ਸਿੰਘ ਮਨੀ ਜੌੜਾ ਅਤੇ ਗੁਰਪ੍ਰੀਤ ਸਿੰਘ ਸੰਨੀ ਜੌੜਾ ਦੇ ਘਰ ਛਾਪਾ ਮਾਰਿਆ । ਐੱਨ. ਆਈ. ਏ. ਨੂੰ ਦੋਵਾਂ ਭਰਾਵਾਂ ’ਤੇ ਸ਼ੱਕ ਹੈ ਕਿ ਉਹ ਪੰਜਾਬ ਵਿਚ ਹਾਲ ਹੀ ਵਿਚ ਹੋਏ ਗ੍ਰੇਨੇਡ ਹਮਲਿਆਂ ਵਿਚ ਸ਼ਾਮਲ ਮੁਲਜ਼ਮ ਹੈਪੀ ਪਾਸੀਆਂ ਦਾ ਪਿੱਛਾ ਕਰ ਰਹੇ ਹਨ। ਦੋਵੇਂ ਭਰਾ ਇਮੀਗ੍ਰੇਸ਼ਨ ਦਾ ਕੰਮ ਕਰਦੇ ਹਨ। ਏ. ਐੱਨ. ਆਈ. ਟੀਮ ਨੇ ਦੋਵਾਂ ਨੂੰ ਨੋਟਿਸ ਦੇ ਕੇ ਚੰਡੀਗੜ੍ਹ ਦਫਤਰ ’ਚ ਹਾਜ਼ਰ ਹੋਣ ਦੇ ਨਿਰਦੇਸ਼ ਦਿੱਤੇ ਹਨ।
ਜਾਣਕਾਰੀ ਅਨੁਸਾਰ ਬੁੱਧਵਾਰ ਸਵੇਰੇ ਐੱਨ. ਆਈ. ਏ. ਦੀ ਟੀਮ ਅਤੇ ਪੰਜਾਬ ਪੁਲਸ ਦੇ ਮੁਲਾਜ਼ਮ ਪ੍ਰਤਾਪ ਨਗਰ ਦੀ ਗਲੀ ਨੰਬਰ 19 ਵਿਚ ਗੁਰਪ੍ਰੀਤ ਸਿੰਘ ਸੰਨੀ ਜੌੜਾ ਅਤੇ ਮਨਪ੍ਰੀਤ ਸਿੰਘ ਮਨੀ ਜੌੜਾ ਦੇ ਘਰ ਪੁੱਜੇ, ਜਿੱਥੇ ਐੱਨ. ਆਈ. ਏ. ਦੀ ਟੀਮ ਨੇ ਦੋਵਾਂ ਭਰਾਵਾਂ ਤੋਂ ਪੁੱਛਗਿੱਛ ਕੀਤੀ ਅਤੇ ਉਨ੍ਹਾਂ ਦੇ ਮੋਬਾਈਲ ਚੈੱਕ ਕੀਤੇ ਅਤੇ ਕੁਝ ਦਸਤਾਵੇਜ਼ਾਂ ਦੀ ਵੀ ਤਲਾਸ਼ੀ ਲਈ।
ਇਸ ਤੋਂ ਬਾਅਦ ਐੱਨ. ਆਈ. ਏ. ਦੀ ਟੀਮ ਨੇ ਦੋਵਾਂ ਨੂੰ ਚੰਡੀਗੜ੍ਹ ਸਥਿਤ ਐੱਨ. ਆਈ. ਏ. ਦਫਤਰ ਵਿਚ ਬੁਲਾਇਆ, ਜਿਸ ਬਾਰੇ ਐੱਨ. ਆਈ. ਏ. ਦੀ ਟੀਮ ਨੇ ਦੋਵਾਂ ਨੂੰ ਨੋਟਿਸ ਵੀ ਦਿੱਤਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਐੱਨ. ਆਈ. ਏ. ਨੂੰ ਦੋਵਾਂ ਭਰਾਵਾਂ ’ਤੇ ਸ਼ੱਕ ਹੈ ਕਿ ਉਹ ਸੋਸ਼ਲ ਮੀਡੀਆ ’ਤੇ ਪੰਜਾਬ ਵਿਚ ਹੋਏ ਗ੍ਰੇਨੇਡ ਹਮਲਿਆਂ ਵਿਚ ਸ਼ਾਮਲ ਮੁਲਜ਼ਮ ਗੈਂਗਸਟਰ ਹੈਪੀ ਪਾਸੀਆਂ ਦਾ ਪਿੱਛਾ ਕਰ ਰਹੇ ਹਨ। ਇਸ ਤੋਂ ਇਲਾਵਾ ਇਹ ਦੋਵੇਂ ਬਠਿੰਡਾ ’ਚ ਇਮੀਗ੍ਰੇਸ਼ਨ ਦਾ ਕੰਮ ਕਰਦੇ ਹਨ। ਉਕਤ ਭਰਾਵਾਂ ਨੇ ਦੱਸਿਆ ਕਿ ਐੱਨ. ਆਈ. ਏ. ਟੀਮ ਨੇ ਉਸ ਦੇ ਘਰ ਪਹੁੰਚ ਕੇ ਜਾਂਚ ਕੀਤੀ ਪਰ ਟੀਮ ਨੂੰ ਕੁਝ ਵੀ ਸ਼ੱਕੀ ਨਹੀਂ ਮਿਲਿਆ।
