ਵਿਦਿਆਰਥੀ ਵੱਲੋਂ ਕੀਤੀ ਮਿਹਨਤ ਰੰਗ ਲਿਆਈ : ਚਹਿਲ
ਪਟਿਆਲਾ : ਰਜਿੰਦਰ ਸਿੰਘ ਚਹਿਲ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਕਲਿਆਣ ਦੇ ਵਿਦਿਆਰਥੀ ਹਰਸ਼ ਚੌਹਾਨ ਵੱਲੋਂ ਆਲ ਇੰਡੀਅਨ ਇੰਟਰ ਯੂਨੀਵਰਸਿਟੀ ਚੈਂਪੀਅਨਸ਼ਿਪ ਦੌਰਾਨ ਕਰਾਟੇ ਖੇਡ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਸੀ ਦਾ ਮੈਡਲ ਜਿੱਤਿਆ ਗਿਆ ਹੈ।
ਕਾਲਜ ਦੇ ਉੱਪ ਚੇਅਰਮੈਨ ਮਨਦੀਪ ਸਿੰਘ ਚਹਿਲ ਅਤੇ ਸਕੱਤਰ ਨਵਨੀਤ ਕੌਰ ਚਹਿਲ ਨੇ ਖ਼ੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਉਕਤ ਵਿਦਿਆਰਥੀ ਵੱਲੋਂ ਕੀਤੀ ਮਿਹਨਤ ਰੰਗ ਲਿਆਈ ਹੈ। ਉਨ੍ਹਾਂ ਕਿਹਾ ਕਿ ਜੋ ਵੀ ਖਿਡਾਰੀ ਲਗਨ ਅਤੇ ਮਿਹਨਤ ਨਾਲ ਆਪਣੀ ਖੇਡ ਖੇਡਦਾ ਹੈ, ਉਹ ਆਪਣੀ ਮੰਜ਼ਿਲ ਸਰ ਕਰ ਹੀ ਲੈਂਦਾ ਹੈ। ਉਨ੍ਹਾਂ ਕਿਹਾ ਕਿ ਕਾਲਜ ਵਲੋਂ ਹੋਣਹਾਰ ਖਿਡਾਰੀਆਂ ਨਾਲ ਹਮੇਸ਼ਾ ਖਡ਼੍ਹਿਆ ਜਾਂਦਾ ਹੈ ਅਤੇ ਉਨ੍ਹਾਂ ਦੀ ਖੇਡ ਨੂੰ ਨਿਖਾਰਨ ਲਈ ਹਰ ਯਤਨ ਅਤੇ ਸਹਾਇਤਾ ਕੀਤੀ ਜਾਂਦੀ ਹੈ।
ਚਹਿਲ ਨੇ ਕਿਹਾ ਕਿ ਹਰਸ਼ ਚੌਹਾਨ ਇਕ ਬਹੁਤ ਹੀ ਹੋਣਹਾਰ ਖਿਡਾਰੀ ਹੈ। ਸਾਨੂੰ ਅਜਿਹੇ ਖਿਡਾਰੀਆਂ ’ਤੇ ਮਾਣ ਹੈ, ਜੋ ਕਾਲਜ ਅਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕਰਦੇ ਹਨ। ਉਨ੍ਹਾਂ ਦੱਸਿਆ ਕਿ ਹਰਸ਼ ਚੌਹਾਨ ਦੀ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ’ਚ ਵੀ ਚੋਣ ਹੋ ਗਈ ਹੈ। ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਅਤੇ ਸਟਾਫ਼ ਵੱਲੋਂ ਹਰਸ਼ ਚੌਹਾਨ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮੇਂ ਕਾਲਜ ਮੁਖੀ ਗੁਰਿੰਦਰ ਸਿੰਘ ਵੀ ਮੌਜੂਦ ਸਨ।