ਮਾਲੇਰਕੋਟਲਾ : ਵਿਧਾਇਕ ਮਾਲੇਰਕੋਟਲਾ ਡਾ.ਜਮੀਲ ਉਰ ਰਹਿਮਾਨ ਨੇ ਸਥਾਨਕ ਮਸਜਿਦ ਬੰਗਲੇ ਵਾਲੀ, ਸ਼ੇਰਵਾਨੀ ਗੇਟ ਵਿਖੇ 50 ਲੱਖ ਰੁਪਏ ਦੀ ਲਾਗਤ ਨਾਲ ਬਣੀ ਆਧੁਨਿਕ “ਇਮਾਮ ਗ਼ਜ਼ਾਲੀ ਲਾਇਬ੍ਰੇਰੀ ਅਤੇ ਸਟੱਡੀ ਸੈਂਟਰ ਦਾ ਉਦਘਾਟਨ ਕੀਤਾ।

ਇਸ ਮੌਕੇ ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਬਠਿੰਡਾ-ਕਮ ਪ੍ਰਸ਼ਾਸਕ ਪੰਜਾਬ ਵਕਫ਼ ਬੋਰਡ ਸ਼ੌਕਤ ਅਹਿਮਦ ਪਾਰੇ, ਸੀ.ਈ.ਓ ਪੰਜਾਬ ਵਕਫ ਬੋਰਡ ਲਤੀਫ ਅਹਿਮਦ ਥਿੰਦ, ਸਰਪੰਚ ਗੁਰਮੀਤ ਸਿੰਘ ਬੁਰਜ, ਅਬਦੁਲ ਹਲੀਮ ਐਮ.ਡੀ ਮਿਲਕੋਵੈਲ, ਸੋਸ਼ਲ ਮੀਡੀਆ ਇੰਚਾਰਜ ਯਾਸਰ ਅਰਫਾਤ, ਅਸ਼ਰਫ ਅਬਦੁੱਲਾ, ਕੌਂਸਲਰ ਮੁਹੰਮਦ ਨਜ਼ੀਰ ਰਾਹੀਲਾ ਖਾਨ, ਸਬਾ ਸ਼ਾਹੀਨ, ਮੁਹੰਮਦ ਜਮੀਲ, ਇਲਿਆਸ ਅੰਸਾਰੀ, ਮੁਹੰਮਦ ਹਨੀਫ ਤੋਂ ਇਲਾਵਾ ਬੋਰਡ ਅਧੀਨ ਚਲਦੇ ਵਿੱਦਿਅਕ ਅਦਾਰਿਆਂ ਦਾ ਸਟਾਫ ਅਤੇ ਵਿਦਿਆਰਥੀ ਹਾਜਰ ਸਨ।
ਵਿਧਾਇਕ ਡਾ.ਜਮੀਲ ਉਰ ਰਹਿਮਾਨ ਮਾਲੇਰਕੋਟਲਾ ਨੇ ਕਿਹਾ ਕਿ ਪੰਜਾਬ ਵਕਫ ਬੋਰਡ ਵੱਲੋਂ ਤਿਆਰ ਕੀਤੀ ਆਧੁਨਿਕ ਲਾਇਬ੍ਰੇਰੀ ਅਤੇ ਅਧਿਐਨ ਕੇਂਦਰ ਭਵਿੱਖਮੁਖੀ ਸਹੂਲਤ ਵਿਦਿਆਰਥੀਆਂ ਲਈ ਸਿੱਖਣ ਦੇ ਤਜ਼ਰਬੇ ‘ਚ ਕ੍ਰਾਂਤੀ ਲਿਆਉਣ ਲਈ ਤਿਆਰ ਕੀਤੀ ਗਈ ਹੈ ਜੋ ਕਿ ਨੌਜਵਾਨਾਂ ਨੂੰ ਅਕਾਦਮਿਕ ਕੰਮਾਂ ਲਈ ਇੱਕ ਵਿਸ਼ਵ-ਪੱਧਰੀ ਵਾਤਾਵਰਣ ਪ੍ਰਦਾਨ ਕਰਨ ‘ਚ ਸਹਾਇਕ ਸਿੱਧ ਹੋਵੇਗੀ।
ਆਧੁਨਿਕ ਲਾਇਬ੍ਰੇਰੀ ਅਤੇ ਅਧਿਐਨ ਕੇਂਦਰ ਸਿੱਖਣ ਅਤੇ ਅਕਾਦਮਿਕ ਉੱਤਮਤਾ ਦੇ ਇਕ ਨਵੇਂ ਯੁੱਗ ਦੀ ਸ਼ੁਰੂਆਤ : ਸ਼ੌਕਤ ਅਹਿਮਦ
ਡਿਪਟੀ ਕਮਿਸ਼ਨਰ ਬਠਿੰਡਾ-ਕਮ ਪ੍ਰਸ਼ਾਸਕ ਪੰਜਾਬ ਵਕਫ ਬੋਰਡ ਸ਼ੌਕਤ ਅਹਿਮਦ ਪੈਰੇ ਨੇ ਕਿਹਾ ਕਿ “ਇਮਾਮ ਗਜ਼ਾਲੀ ਲਾਇਬ੍ਰੇਰੀ ਅਤੇ ਸਟੱਡੀ ਸੈਂਟਰ” ਸਿੱਖਣ ਅਤੇ ਅਕਾਦਮਿਕ ਉੱਤਮਤਾ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਦਾ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਨੌਜਵਾਨਾਂ ਅਤੇ ਆਮ ਲੋਕਾਂ ਨੂੰ ਕਿਤਾਬਾਂ ਨਾਲ ਜੋੜਨ ਅਤੇ ਉਨ੍ਹਾਂ ਦੇ ਗਿਆਨ ‘ਚ ਵਾਧਾ ਕਰਨ ਦੇ ਮਕਸਦ ਤਹਿਤ ਇਸ ਦਾ ਨਿਰਮਾਣ ਕੀਤਾ ਗਿਆ ਹੈ। ਇਹ ਲਾਇਬ੍ਰੇਰੀ ਅਤੇ ਸਟੱਡੀ ਸੈਂਟਰ ਨੌਜਵਾਨਾਂ ਲਈ ਉੱਚ ਸੰਸਥਾਵਾਂ ‘ਚ ਦਾਖਲੇ, ਮੁਕਾਬਲੇ ਦੀਆਂ ਪ੍ਰੀਖਿਆਵਾਂ ਅਤੇ ਨੌਕਰੀਆਂ ਲਈ ਬਹੁਤ ਲਾਹੇਵੰਦ ਸਾਬਤ ਹੋਵੇਗੀ।
