ਦੇਰ ਰਾਤ ਕੇਂਦਰ ਸਰਕਾਰ ਵੱਲੋਂ 14 ਫਰਵਰੀ ਨੂੰ ਕਿਸਾਨ ਨੇਤਾਵਾਂ ਨੂੰ ਮੀਟਿੰਗ ਦਾ ਸੱਦਾ
ਖਨੌਰੀ ਬਾਰਡਰ ’ਤੇ ਐੱਮ. ਐੱਸ. ਪੀ. ਸਮੇਤ 12 ਮੰਗਾਂ ਨੂੰ ਮਨਾਉਣ ਲਈ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਮਰਨ ਵਰਤ ’ਤੇ ਬੈਠੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 54ਵੇਂ ਦਿਨ ਵਿਚ ਪਹੁੰਚ ਗਿਆ ਹੈ ਤੇ ਉਨ੍ਹਾਂ ਦੀ ਹਾਲਤ ਬੈੱਹਦ ਗੰਭੀਰ ਤੇ ਨਾਜ਼ੁਕ ਬਣੀ ਹੈ।
ਦੂਜੇ ਪਾਸੇ ਡੱਲੇਵਾਲ ਦੀਆਂ ਨਾਜ਼ੁਕ ਹਾਲਤ ਦੀਆਂ ਰਿਪੋਰਟਾਂ ਕੇਂਦਰ ਤੱਕ ਪੁੱਜ ਚੁੱਕੀਆਂ ਹਨ, ਜਿਸਦੇ ਚਲਦਿਆਂ ਅੱਜ ਸ਼ਾਮ ਨੂੰ ਐਗਰੀਕਲਚਰ ਮਨਿਸਟਰੀ ਆਫ ਇੰਡੀਆ ਦੇ ਜੁਆਇੰਟ ਸੈਕਟਰੀ ਪੀਰੀਆ ਰੰਜਨ ਆਈ. ਐੱਫ. ਐੱਸ. ਆਪਣੀ ਟੀਮ ਦੇ ਨਾਲ ਕਿਸਾਨ ਨੇਤਾ ਡੱਲੇਵਾਲ ਨੂੰ ਮਨਾਉਣ ਲਈ ਪੁੱਜੇ ਹਨ।
ਪੀਰੀਆ ਰੰਜਨ ਨੇ ਡੱਲੇਵਾਲ ਨਾਲ ਮੁਲਾਕਾਤ ਕਰਨ ਤੋਂ ਬਾਅਦ ਦੋਵੇਂ ਫੋਰਮਾਂ ਦੇ ਕਿਸਾਨ ਨੇਤਾਵਾਂ ਨਾਲ ਵੀ ਇਕੱਲੇ ਮੀਟਿੰਗ ਕੀਤੀ ਹੈ। ਪਹਿਲੀ ਮੀਟਿੰਗ ਕਿਸੇ ਨਤੀਜੇ ’ਤੇ ਨਹੀਂ ਪੁੱਜੀ ਕਿਉਂਕਿ ਕਿਸਾਨ ਆਗੂ ਐੱਮ. ਐੱਸ. ਪੀ. ਸਮੇਤ ਹੋਰ ਮੰਗਾਂ ਮਨਵਾਉਣ ਲਈ ਅੜੇ ਹੋਏ ਹਨ, ਜਿਸ ਕਾਰਨ ਹੁਣ ਦੇਰ ਰਾਤ ਨੂੰ ਕੁਝ ਸਮਾਂ ਪਾ ਕੇ ਕਿਸਾਨ ਆਗੂਆਂ ਦੀ ਪੀਰੀਆ ਰੰਜਨ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਦੂਸਰੇ ਦੌਰ ਦੀ ਮੀਟਿੰਗ ਦੌਰਾਨ ਫੈਸਲਾ ਹੋਇਆ ਕੇ 14 ਫਰਵਰੀ ਨੂੰ ਕੇਂਦਰ ਨਾਲ ਮੀਟਿੰਗ ਹੋਵੇਗੀ ਕਿਉਂਕਿ 9 ਫਰਵਰੀ ਤੱਕ ਚੋਣ ਜਾਬਤਾ ਲੱਗਿਆ ਹੋਇਆ ਹੈ, ਇਸ ਲਈ 14 ਫਰਵਰੀ ਤੈਅ ਕੀਤੀ ਗਈ ਹੈ।
ਕਿਸਾਨਾਂ ਨੇ ਫੈਸਲਾ ਲਿਆ ਕਿ ਜਗਜੀਤ ਸਿੰਘ ਡੱਲੇਵਾਲ ਆਪਣਾ ਮਰਨ ਵਰਤ ਸਮਾਪਤ ਨਾ ਕਰ ਕੇ ਸਿਰਫ ਮੈਡੀਕਲ ਸਹਾਇਤਾ ਹਾਸਲ ਕਰਨਗੇ। 14 ਫਰਵਰੀ ਲਈ ਮੀਟਿੰਗ ਦੀ ਚਿੱਠੀ ਸੌਂਪੀ, ਹੁਣ ਜਗਜੀਤ ਸਿੰਘ ਡੱਲੇਵਾਲ ਮੈਡੀਕਲ ਸਹਾਇਤਾ ਲੈਣਗੇ।
ਉਧਰ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਦਿਨ ਪ੍ਰਤੀ ਦਿਨ ਨਾਜ਼ੁਕ ਹੁੰਦੀ ਜਾ ਰਹੀ ਹੈ, ਜਿਸ ਕਾਰਨ ਡਾਕਟਰ ਵੀ ਇਹ ਇੰਡੀਕੇਸ਼ਨ ਭੇਜ ਰਹੇ ਹਨ ਕਿ ਇਸ ਮਾਹੌਲ ਨੂੰ ਸੰਭਾਲਿਆ ਜਾਵੇ ਨਹੀਂ ਤਾਂ ਕੋਈ ਵੀ ਭਾਨਾ ਵਾਪਰ ਸਕਦਾ ਹੈ। ਇਸ ਮੌਕੇ ਏ. ਡੀ. ਜੀ. ਪੀ. ਇੰਟੈਲੀਜੈਂਸ ਜਸਕਰਨ ਸਿੰਘ, ਡੀ. ਆਈ. ਜੀ. ਪਟਿਆਲਾ ਰੇਂਜ ਮਨਦੀਪ ਸਿੰਘ ਸਿੱਧੂ, ਨਰਿੰਦਰ ਭਾਰਗਵ, ਐੱਸ. ਐੱਸ. ਪੀ. ਡਾ. ਨਾਨਕ ਸਿੰਘ ਅਤੇ ਹੋਰ ਅਧਿਕਾਰੀ ਵੀ ਮੌਜੂਦ ਰਹੇ।