ਤੇਜ਼ ਰਫ਼ਤਾਰ ਸਵਿਫ਼ਟ ਨੇ ਐੱਸ. ਐੱਸ. ਐੱਫ. ਦੀ ਗੱਡੀ ਨੂੰ ਮਾਰੀ ਟੱਕਰ, 2 ਮੁਲਾਜ਼ਮ ਜ਼ਖਮੀ
ਸੰਗਰੂਰ : ਪੰਜਾਬ ਸਰਕਾਰ ਦੀ ਸੜਕ ਸੁਰੱਖਿਆ ਫੋਰਸ (ਐੱਸ. ਐੱਸ. ਐੱਫ.) ਦੀ ਗੱਡੀ ਨਾਲ ਭਵਾਨੀਗੜ੍ਹ ’ਚ ਵੱਡਾ ਹਾਦਸਾ ਵਾਪਰ ਗਿਆ। ਬੀਤੀ ਦੇਰ ਰਾਤ ਬਾਲਦ ਕੈਂਚੀ ’ਚ ਹਾਈਵੇਅ ’ਤੇ ਖੜ੍ਹੀ ਐੱਸ. ਐੱਸ. ਐੱਫ. ਦੀ ਗੱਡੀ ਨੂੰ ਤੇਜ਼ ਰਫ਼ਤਾਰ ਸਵਿਫ਼ਟ ਨੇ ਬੁਰੀ ਤਰ੍ਹਾਂ ਟੱਕਰ ਮਾਰ ਦਿੱਤੀ। ਇਸ ਹਾਦਸੇ ’ਚ ਜਿਥੇ SSF ਦੀ ਸਰਕਾਰੀ ਗੱਡੀ ਸਮੇਤ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ, ਉਥੇ ਰਾਤ ਦੀ ਡਿਊਟੀ ’ਤੇ ਤਾਇਨਾਤ ਐੱਸ. ਐੱਸ. ਐੱਫ. ਦੇ 2 ਜਵਾਨ ਗੰਭੀਰ ਜ਼ਖ਼ਮੀ ਹੋ ਗਏ ਅਤੇ ਕਾਰ ਚਾਲਕ ਨੂੰ ਵੀ ਸੱਟਾਂ ਲੱਗੀਆਂ। ਮੁਲਾਜ਼ਮਾਂ ਨੂੰ ਇਲਾਜ ਲਈ ਪਟਿਆਲਾ ਲਿਜਾਂਦਾ ਗਿਆ ਹੈ।
ਇਸ ਸਬੰਧੀ ਐੱਸ. ਐੱਸ. ਐੱਫ. ਦੇ ਹੋਰ ਮੁਲਾਜ਼ਮ ਬਲਵਿੰਦਰ ਸਿੰਘ ਨੇ ਦੱਸਿਆ ਕਿ ਘਟਨਾ ਬੀਤੀ ਰਾਤ ਕਰੀਬ ਸਾਢੇ 10 ਵਜੇ ਵਾਪਰੀ। ਉਸਦੇ ਸਾਥੀ ਮੁਲਾਜ਼ਮ ਹਰਸ਼ਵੀਰ ਸਿੰਘ ਤੇ ਮਨਦੀਪ ਦਾਸ ਰਾਤ ਦੀ ਸ਼ਿਫਟ ਦੌਰਾਨ ਬਾਲਦ ਕੈਂਚੀਆਂ ਵਿਖੇ ਤਾਇਨਾਤ ਸਨ। ਹਰਸ਼ਵੀਰ ਸਰਕਾਰੀ ਗੱਡੀ ਨੂੰ ਚਲਾ ਕੇ ਪੁਆਇੰਟ ’ਤੇ ਸਹੀ ਦਿਸ਼ਾ ’ਚ ਖੜ੍ਹੀ ਕਰ ਰਿਹਾ ਸੀ, ਜਦੋਂ ਕਿ ਮਨਦੀਪ ਉਸਦੇ ਨਾਲ ਕੰਡਕਟਰ ਸੀਟ ’ਤੇ ਬੈਠਾ ਸੀ। ਇਸ ਦੌਰਾਨ ਸਮਾਣਾ ਵਾਲੇ ਪਾਸੇ ਤੋਂ ਹਾਈਵੇਅ ਪੁਲ ਦੇ ਹੇਠਾਂ ਤੋਂ ਆਉਂਦੀ ਹੋਈ ਇਕ ਤੇਜ਼ ਰਫ਼ਤਾਰ ਬੇਕਾਬੂ ਸਵਿਫ਼ਟ ਕਾਰ ਹੰਪ ਤੋਂ ਉਛੱਲਦੀ ਹੋਈ ਐੱਸ. ਐੱਸ. ਐੱਫ. ਦੀ ਗੱਡੀ ’ਤੇ ਆ ਡਿੱਗੀ।
ਬਲਵਿੰਦਰ ਸਿੰਘ ਨੇ ਦੱਸਿਆ ਕਿ ਹਾਦਸੇ ’ਚ ਕੰਡਕਟਰ ਸਾਈਡ ’ਤੇ ਬੈਠਾ ਮਨਦੀਪ ਦਾਸ ਗੱਡੀ ’ਚੋਂ ਬਾਹਰ ਡਿੱਗ ਪਿਆ ਜਦਕਿ ਹਰਸ਼ਵੀਰ ਪਲਟੀ ਗੱਡੀ ਦੇ ਹੇਠਾਂ ਫਸ ਗਿਆ ਜਿਸ ਨੂੰ ਮੌਕੇ ’ਤੇ ਇਕੱਤਰ ਹੋਏ ਲੋਕਾਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ। ਹਾਦਸੇ ’ਚ ਹਰਸ਼ਵੀਰ ਨੂੰ ਗੰਭੀਰ ਸੱਟਾਂ ਲੱਗਣ ਕਾਰਨ ਪਟਿਆਲਾ ਦੇ ਇਕ ਨਿੱਜੀ ਹਸਪਤਾਲ ’ਚ ਵੈਂਟੀਲੇਟਰ ’ਤੇ ਰੱਖਿਆ ਗਿਆ ਹੈ ਜਦੋਂ ਕਿ ਮਨਦੀਪ ਦਾਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਬਲਵਿੰਦਰ ਸਿੰਘ ਨੇ ਦੱਸਿਆ ਕਿ ਹਾਦਸੇ ਨੂੰ ਅੰਜਾਮ ਦੇਣ ਵਾਲਾ ਕਾਰ ਦਾ ਚਾਲਕ ਸ਼ਰਾਬ ਦੇ ਨਸ਼ੇ ‘ਚ ਭਰਪੂਰ ਸੀ ਜਿਸ ਨੂੰ ਮੌਕੇ ‘ਤੇ ਕਾਬੂ ਕਰਕੇ ਭਵਾਨੀਗੜ੍ਹ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਉੱਧਰ ਪੁਲਸ ਨੇ ਮਾਮਲੇ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।