ਮੌਕੇ ’ਤੇ ਪਹੁੰਚੇ ਐੱਸ. ਡੀ. ਐੱਮ. ਨੂੰ ਮੰਗ ਪੱਤਰ ਦੇਣ ਤੋਂ ਕੀਤਾ ਇਨਕਾਰ
ਗੁਰਦਾਸਪੁਰ, 14 ਅਕਤੂਬਰ : ਪਿਛਲੇ ਕਈ ਸਾਲਾਂ ਤੋਂ ਗੁਰਦਾਸਪੁਰ ’ਚ ਮਸੀਹ ਚੌਕ ਦੀ ਮੰਗ ਕਰਨ ਦੇ ਬਾਵਜੂਦ ਜ਼ਿਲਾ ਪ੍ਰਸ਼ਾਸਨ ਵੱਲੋਂ ਕੋਈ ਵੀ ਉਚਿੱਤ ਕਾਰਵਾਈ ਨਾ ਕਰਨ ’ਤੇ ਅੱਜ ਸਮੂਹ ਮਸੀਹ ਸਮਾਜ ਦੇ ਭਾਈਚਾਰੇ ਨੇ ਰੋਸ ਵਜੋਂ ਇਕੱਠੇ ਹੋ ਕੇ ਬੱਬਰੀ ਬਾਈਪਾਸ ਚੌਕ ’ਚ ਵਿਸ਼ਾਲ ਧਰਨਾ ਪ੍ਰਦਰਸ਼ਨ ਕਰ ਕੇ ਪ੍ਰਸ਼ਾਸਨ ਦੀ ਮਨਜ਼ੂਰੀ ਤੋਂ ਬਿਨਾਂ ਹੀ ਚੌਕ ’ਚ ‘ਸਲੀਬ’ ਦਾ ਨਿਸ਼ਾਨ ਲਗਾ ਕੇ ਚੌਕ ਦਾ ਨਾਮ ਮਸੀਹ ਚੌਕ ਰੱਖ ਦਿੱਤਾ। ਇਸ ਧਰਨੇ ’ਚ ਪੂਰੇ ਪੰਜਾਬ ਤੋਂ ਮਸੀਹ ਭਾਈਚਾਰੇ ਦੇ ਲੋਕ ਇਕੱਠੇ ਹੋਏ ਸਨ।
ਇਸ ਸਬੰਧੀ ਗੁਰਦਾਸਪੁਰ ਪਾਸਟਰ ਐਸੋਸੀਏਸ਼ਨ ਦੇ ਪ੍ਰਧਾਨ ਪਾਸਟਰ ਪੁਰੇਵਾਲ, ਮਿਸ਼ਨ-ਏ ਮਸੀਹ ਏਕਤਾ ਕਮੇਟੀ ਦੇ ਪੰਜਾਬ ਪ੍ਰਧਾਨ ਐੱਸ. ਐੱਮ. ਰੰਧਾਵਾ, ਸਟੀਫਨ ਮਸੀਹ ਤੇਜਾ, ਪੀਟਰ ਚੀਂਦਾ, ਆਰਿਫ ਚੌਹਾਨ, ਅਮਨ ਬਹਿਰਾਮਪੁਰੀਆਂ ਨੇ ਕਿਹਾ ਕਿ ਗੁਰਦਾਸਪੁਰ ਦਾ ਮਸੀਹ ਭਾਈਚਾਰਾ ਪਿਛਲੇ 10 ਸਾਲਾਂ ਤੋਂ ਗੁਰਦਾਸਪੁਰ ’ਚ ਮਸੀਹ ਚੌਕ ਰੱਖਣ ਲਈ ਜ਼ਿਲਾ ਪ੍ਰਸ਼ਾਸਨ ਨੂੰ ਅਪੀਲ ਕਰ ਰਿਹਾ ਹੈ ਪਰ ਅੱਜ ਤੱਕ ਮਸੀਹ ਭਾਈਚਾਰੇ ਨੂੰ ਸਿਰਫ ਅੱਖੋਂ ਪਰੋਖਿਆ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਗੁਰਦਾਸਪੁਰ ਸ਼ਹਿਰ ’ਚ ਹਰ ਧਰਮ ਦੇ ਨਾਮ ’ਤੇ ਇਕ-ਦੋ ਚੌਕ ਸਥਾਪਤ ਕੀਤੇ ਗਏ ਹਨ ਪਰ ਇਕੱਲੇ ਮਸੀਹ ਭਾਈਚਾਰੇ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਸੀਹ ਭਾਈਚਾਰਾ ਹਰ ਧਰਮ ਦਾ ਸਤਿਕਾਰ ਕਰਦਾ ਹੈ ਅਤੇ ਹਮੇਸ਼ਾ ਸ਼ਹਿਰ ’ਚ ਸ਼ਾਂਤੀ ਬਣਾਈ ਰੱਖਣ ਲਈ ਕੌਸ਼ਿਸ ਕਰਦਾ ਹੈ।
ਉਨ੍ਹਾਂ ਕਿਹਾ ਕਿ ਅਸੀਂ ਕਈ ਸਾਲਾਂ ਤੋਂ ਜ਼ਿਲਾ ਪ੍ਰਸ਼ਾਸਨ, ਨਗਰ ਕੌਂਸਲ ਨੂੰ ਮੰਗ ਪੱਤਰ ਦਿੰਦੇ ਆ ਰਹੇ ਹਾਂ ਪਰ ਅੱਜ ਤੱਕ ਕਿਸੇ ਨੇ ਵੀ ਮਸੀਹ ਭਾਈਚਾਰੇ ਦੀ ਮੰਗ ਪੂਰੀ ਨਹੀਂ ਕੀਤੀ, ਜਿਸ ਦੇ ਰੋਸ ਵਜੋਂ ਅੱਜ ਸਾਨੂੰ ਮਜਬੂਰ ਹੋ ਕੇ ਬੱਬਰੀ ਬਾਈਪਾਸ ਚੌਕ ’ਚ ਧਰਨਾ ਪ੍ਰਦਰਸ਼ਨ ਕਰਨਾ ਪਿਆ।
ਉਨ੍ਹਾਂ ਕਿਹਾ ਕਿ ਅਸੀਂ ਅੱਜ ਤੋਂ ਗੁਰਦਾਸਪੁਰ ਦੇ ਬੱਬਰੀ ਬਾਈਪਾਸ ਚੌਕ ’ਚ ‘ਸਲੀਬ’ ਰੱਖ ਕੇ ਇਸ ਦਾ ਨਾਮ ਮਸੀਹ ਚੌਕ ਰੱਖ ਦਿੱਤਾ ਹੈ, ਜਿਸ ਨੂੰ ਅੱਜ ਤੋਂ ਮਸੀਹ ਚੌਕ ਦੇ ਨਾਮ ਨਾਲ ਜਾਣਿਆ ਜਾਵੇਗਾ।
ਇਸ ਮੌਕੇ ’ਤੇ ਪਾਸਟਰ ਪ੍ਰਗਟ ਮਸੀਹ, ਪਾਸਟਰ ਵੀਰੂ ਮਸੀਹ, ਪਾਸਟਰ ਵਿਲੀਅਮ ਮੈਨਨ, ਪਾਸਟਰ ਜੋਨੀ ਮਸੀਹ,ਪਾਸਟਰ ਮੰਗਾ ਮਸੀਹ ਸਮੇਤ ਵੱਡੀ ਗਿਣਤੀ ਵਿਚ ਈਸਾਈ ਭਾਈਚਾਰੇ ਦੇ ਆਹੁਦੇਦਾਰ ਸ਼ਾਮਲ ਹੋਏ।
ਦੂਜੇ ਪਾਸੇ ਮੌਕੇ ’ਤੇ ਮੰਗ ਪੱਤਰ ਲੈਣ ਪਹੁੰਚੇ ਐੱਸ. ਡੀ. ਐੱਮ. ਗੁੁਰਦਾਸਪੁਰ ਨੂੰ ਪ੍ਰਦਰਸ਼ਨਕਾਰੀਆਂ ਨੇ ਕੋਈ ਵੀ ਮੰਗ ਪੱਤਰ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਅਸੀਂ ਕਈ ਵਾਰ ਮੰਗ ਪੱਤਰ ਜ਼ਿਲਾ ਪ੍ਰਸ਼ਾਸਨ ਨੂੰ ਸੌਂਪ ਚੁੱਕੇ ਹਾਂ ਪਰ ਮੰਗ ਪੱਤਰ ’ਤੇ ਕੋਈ ਵੀ ਕਾਰਵਾਈ ਨਹੀਂ ਹੋਈ। ਇਸ ਤੋਂ ਬਾਅਦ ਐੱਸ. ਡੀ. ਐੱਮ. ਗੱਲਬਾਤ ਕਰਨ ਤੋਂ ਬਾਅਦ ਵਾਪਸ ਆ ਗਏ। ਜਦਕਿ ਧਰਨੇ ਨੂੰ ਲੈ ਕੇ ਵੱਡੀ ਿਗਣਤੀ ਿਵਚ ਪੁਲਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ।
Read More : ਅਸ਼ੋਕ ਮਿੱਤਲ ਨੇ ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਨਾਲ ਕੀਤੀ ਮੁਲਾਕਾਤ