ਸਰਹੱਦ ਨੇੜਿਓਂ 2 ਏ.ਕੇ-47 ਰਾਈਫਲਾਂ, ਇਕ ਪਿਸਤੌਲ ਅਤੇ 10 ਰੌਂਦ ਬਰਾਮਦ
ਤਰਨਤਾਰਨ, 13 ਅਕਤੂਬਰ : ਭਾਰਤ-ਪਾਕਿਸਤਾਨ ਸਰਹੱਦ ਨੇੜੇ ਪੈਂਦੇ ਪਿੰਡ ਮਹਿੰਦੀਪੁਰ ਵਿਖੇ ਬੀ.ਐੱਸ.ਐੱਫ ਅਤੇ ਐੱਸ.ਐੱਸ.ਓ.ਸੀ ਦੇ ਸਾਂਝੇ ਆਪ੍ਰੇਸ਼ਨ ਦੌਰਾਨ 2 ਏ.ਕੇ-47 ਰਾਈਫਲਾਂ, 1 ਪਿਸਤੌਲ ਅਤੇ 10 ਜ਼ਿੰਦਾ ਰੌਂਦ ਬਰਾਮਦ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ। ਪੰਜਾਬ ਨੂੰ ਦਹਿਲਾਉਣ ਲਈ ਇਹ ਹਥਿਆਰ ਕਦੋਂ ਅਤੇ ਕਿਸ ਵੱਲੋਂ ਮੰਗਵਾਏ ਗਏ ਸਨ, ਇਸ ਦੀ ਜਾਂਚ ਐੱਸ.ਐੱਸ.ਓ.ਸੀ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ।
ਜਾਣਕਾਰੀ ਅਨੁਸਾਰ ਜ਼ਿਲਾ ਤਰਨਤਾਰਨ ਅਧੀਨ ਆਉਂਦੀ ਭਾਰਤ-ਪਾਕਿਸਤਾਨ ਸਰਹੱਦ ਨੇੜੇ ਮੌਜੂਦ ਪਿੰਡ ਮਹਿੰਦੀਪੁਰ ਵਿਖੇ ਬੀ.ਐੱਸ.ਐੱਫ ਅਤੇ ਐੱਸ.ਐੱਸ.ਓ.ਸੀ ਨੂੰ ਗੁਪਤ ਸੂਚਨਾ ਪ੍ਰਾਪਤ ਹੋਈ ਸੀ ਕਿ ਡਰੋਨ ਦੀ ਮਦਦ ਨਾਲ ਗੁਆਂਢੀ ਦੇਸ਼ ਪਾਕਿਸਤਾਨ ਵੱਲੋਂ ਹਥਿਆਰਾਂ ਦੀ ਖੇਪ ਪੁੱਜ ਚੁੱਕੀ ਹੈ, ਜਿਸ ਦੇ ਸਬੰਧ ਵਿਚ ਸੋਮਵਾਰ ਸਵੇਰੇ ਦੋਵਾਂ ਵੱਲੋਂ ਚਲਾਏ ਗਏ ਸਾਂਝੇ ਤਲਾਸ਼ੀ ਅਭਿਆਨ ਦੌਰਾਨ ਸਾਰੇ ਇਲਾਕੇ ਵਿਚ ਬਾਰੀਕੀ ਨਾਲ ਜਾਂਚ ਕੀਤੀ ਗਈ।
ਇਸ ਦੌਰਾਨ ਸਾਂਝੀ ਟੀਮ ਨੂੰ ਉਸ ਵੇਲੇ ਵੱਡੀ ਸਫਲਤਾ ਪ੍ਰਾਪਤ ਹੋਈ ਜਦੋਂ ਖੇਤਾਂ ਵਿਚੋਂ 2 ਏ.ਕੇ-47 ਰਾਈਫਲਾਂ, 2 ਮੈਗਜ਼ੀਨ, 1 ਪਿਸਤੌਲ, 10 ਰੌਂਦ ਬਰਾਮਦ ਕੀਤੇ ਗਏ। ਬਰਾਮਦ ਕੀਤੇ ਗਏ ਇਹ ਹਥਿਆਰ ਪਾਕਿਸਤਾਨ ਵੱਲੋਂ ਡਰੋਨ ਦੀ ਮਦਦ ਨਾਲ ਭਾਰਤੀ ਖੇਤਰ ਵਿਚ ਪੁੱਜੇ ਹੋ ਸਕਦੇ ਹਨ, ਜਿਸ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਥੇ ਦੱਸਣਯੋਗ ਹੈ ਕਿ ਡਰੋਨ ਦੀ ਮਦਦ ਨਾਲ ਆਏ ਦਿਨ ਜਿੱਥੇ ਹੈਰੋਇਨ ਦੀਆਂ ਖੇਪਾਂ ਭਾਰਤੀ ਖੇਤਰ ਵਿਚ ਪੁੱਜ ਰਹੀਆਂ ਹਨ, ਉਥੇ ਹੀ ਡਰੋਨ ਦੀ ਮਦਦ ਨਾਲ ਵੱਖ-ਵੱਖ ਕਿਸਮਾਂ ਦੇ ਹਥਿਆਰਾਂ ਦੀਆਂ ਖੇਪਾਂ ਵੀ ਭਾਰਤ ਦੇ ਮਾਹੌਲ ਨੂੰ ਖਰਾਬ ਕਰਨ ਦੀ ਨੀਅਤ ਨਾਲ ਭੇਜੇ ਜਾ ਰਹੇ ਹਨ।
ਫਿਲਹਾਲ ਐੱਸ.ਐੱਸ.ਓ.ਸੀ ਅੰਮ੍ਰਿਤਸਰ ਦੀ ਟੀਮ ਵੱਲੋਂ ਇਨ੍ਹਾਂ ਬਰਾਮਦ ਕੀਤੇ ਗਏ ਹਥਿਆਰਾਂ ਨੂੰ ਆਪਣੇ ਕਬਜ਼ੇ ਵਿਚ ਲੈਂਦੇ ਹੋਏ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
Read More : ਪਾਕਿ-ਅਫ਼ਗਾਨ ਸੰਘਰਸ਼ ’ਚ ਸਾਊਦੀ ਅਰਬ ਦੀ ਐਂਟਰੀ, ਹੁਣ ਤੱਕ 65 ਮੌਤਾਂ