Chief Minister Mann

ਮਿਸ਼ਨ ਚੜ੍ਹਦੀਕਲਾ ਦੀ ਸ਼ੁਰੂਆਤ ‘ਚ 1000 ਤੋਂ ਵੱਧ ਲੋਕਾਂ ਨੇ ਯੋਗਦਾਨ ਦਿੱਤਾ

ਚੰਡੀਗੜ, 20 ਸਤੰਬਰ : ਪੰਜਾਬ ਇਸ ਵਾਰ ਭਿਆਨਕ ਹੜ੍ਹਾਂ ਦੀਆਂ ਮੁਸ਼ਿਕਲਾਂ ਦਾ ਸਾਹਮਣਾ ਕਰ ਰਿਹਾ ਹੈ। ਇਸ ਔਖੇ ਸਮੇਂ ‘ਚ ਪੰਜਾਬ ਸਰਕਾਰ ਨੇ ‘ਮਿਸ਼ਨ ਚੜ੍ਹਦੀਕਲਾ’ ਸ਼ੁਰੂ ਕੀਤਾ ਹੈ। ਪੰਜਾਬ ਸਰਕਾਰ ਮੁਤਾਬਕ ਇਸ ਮੁਹਿੰਮ ਦਾ ਉਦੇਸ਼ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਮੁੜ ਵਸੇਬੇ, ਮੁੜ-ਨਿਰਮਾਣ ਅਤੇ ਵਿਕਾਸ ਨੂੰ ਤੇਜ਼ੀ ਨਾਲ ਅੱਗੇ ਵਧਾਉਣਾ ਹੈ।

ਇਸ ਦਾ ਮੁੱਖ ਉਦੇਸ਼ ਸੂਬੇ ਦੇ ਲੋਕਾਂ ਅਤੇ ਵਿਦੇਸ਼ਾਂ ਵਿਚ ਵਸੇ ਪੰਜਾਬੀ ਭਾਈਚਾਰੇ ਨੂੰ ਇੱਕਜੁੱਟ ਕਰਨਾ ਹੈ ਤਾਂ ਜੋ ਉਹ ਆਪਣੇ ਯੋਗਦਾਨ ਨਾਲ ਪੰਜਾਬ ਨੂੰ ਫਿਰ ਤੋਂ ਮਜ਼ਬੂਤ, ਸੁਰੱਖਿਅਤ ਅਤੇ ਖੁਸ਼ਹਾਲ ਬਣਾ ਸਕਣ। ਇਸ ਮਿਸ਼ਨ ਤਹਿਤ ਫ਼ੰਡ ‘ਰੰਗਲਾ ਪੰਜਾਬ ਵਿਕਾਸ ਫੰਡ’ ‘ਚ ਜਮ੍ਹਾਂ ਕੀਤਾ ਜਾਂਦਾ ਹੈ। ਪੰਜਾਬ ਸਰਕਾਰ ਨੇ ਕਿਸੇ ਵੀ ਐਮਰਜੈਂਸੀ ਜਾਂ ਸੰਕਟ ਨਾਲ ਨਜਿੱਠਣ ਲਈ ਰੰਗਲਾ ਪੰਜਾਬ ਸੁਸਾਇਟੀ ਦੀ ਸਥਾਪਨਾ ਕੀਤੀ ਹੈ। ਸਰਕਾਰ ਦਾ ਕਹਿਣਾ ਹੈ ਕਿ ਇਹ ਫੰਡ ਪੂਰੀ ਤਰ੍ਹਾਂ ਸਵੈ-ਇੱਛੁਕ ਯੋਗਦਾਨਾਂ ‘ਤੇ ਅਧਾਰਿਤ ਹੋਵੇਗਾ ਅਤੇ ਇਸ ਨੂੰ ਸਰਕਾਰੀ ਬਜਟ ਸਹਾਇਤਾ ਨਹੀਂ ਮਿਲੇਗੀ।

ਪੰਜਾਬ ਸਰਕਾਰ ਨੇ ਮੁੱਖ ਸਕੱਤਰ ਦੀ ਪ੍ਰਧਾਨਗੀ ਹੇਠ ਇੱਕ ਮਾਨੀਟਰਿੰਗ ਕਮੇਟੀ ਬਣਾਈ ਹੈ, ਜਿਸ ‘ਚ ਵਿੱਤ ਅਤੇ ਯੋਜਨਾ ਵਿਭਾਗ ਦੇ ਮੁੱਖ ਮੈਂਬਰ ਵੀ ਸ਼ਾਮਲ ਹਨ। ਯੋਗਦਾਨ ਦਾ ਵੇਰਵਾ ਸਮੇਂ-ਸਮੇਂ ‘ਤੇ ਸੁਸਾਇਟੀ ਦੀ ਵੈੱਬਸਾਈਟ ‘ਤੇ ਸਾਂਝਾ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਐਨਆਰਆਈ ਦੇ ਯੋਗਦਾਨ ਨੂੰ ਐਫਸੀਆਰਏ (FCRA) ਤੋਂ ਛੋਟ ਅਤੇ ਕਾਰਪੋਰੇਟ ਯੋਗਦਾਨ ਨੂੰ ਸੀਐਸਆਰ (CSR) ਖਰਚ ਮੰਨਿਆ ਜਾਵੇਗਾ। ਪੰਜਾਬ ਸਰਕਾਰ ਨੇ ਇਹ ਵਾਅਦਾ ਕੀਤਾ ਹੈ ਕਿ ਇਸ ਫੰਡ ‘ਚ ਕੀਤੇ ਗਏ ਹਰ ਯੋਗਦਾਨ ਦਾ ਪੂਰਾ ਹਿਸਾਬ ਰੱਖਿਆ ਜਾਵੇਗਾ ਅਤੇ ਕੋਈ ਵੀ ਪੈਸਾ ਬੇਕਾਰ ਨਹੀਂ ਜਾਵੇਗਾ।

ਪੰਜਾਬ ਸਰਕਾਰ ਮੁਤਾਬਕ ਮਿਸ਼ਨ ਦੀ ਸ਼ੁਰੂਆਤ ਦੇ ਪਹਿਲੇ 24 ਘੰਟਿਆਂ ‘ਚ ਹੀ 1000 ਤੋਂ ਵੱਧ ਲੋਕਾਂ ਨੇ ਯੋਗਦਾਨ ਦਿੱਤਾ ਹੈ, ਜਿਨ੍ਹਾਂ ‘ਚ ਕਈ ਐਨਆਰਆਈ ਵੀ ਸ਼ਾਮਲ ਹਨ। ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ₹1 ਕਰੋੜ ਦਾ ਯੋਗਦਾਨ ਦਿੱਤਾ। ਰਾਹਤ ਅਤੇ ਮੁੜ-ਨਿਰਮਾਣ ਕਾਰਜਾਂ ਲਈ 50 ਟਰੈਕਟਰ ਅਤੇ 10 ਜੇਸੀਬੀ ਮਸ਼ੀਨਾਂ ਵੀ ਉਪਲਬੱਧ ਕਰਵਾਈਆਂ ।

ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਪਹਿਲ ‘ਚ ਯੋਗਦਾਨ ਦੇਣ ਵਾਲੇ ਪਹਿਲੇ 1000 ਦਾਨੀਆਂ ਦਾ ਧੰਨਵਾਦ ਕੀਤਾ ਹੈ ਅਤੇ ਸਾਰੇ ਪੰਜਾਬੀਆਂ ਤੇ ਐਨਆਰਆਈ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਇਸ ਪੁੰਨ ਦੇ ਕੰਮ ‘ਚ ਵੱਧ-ਚੜ੍ਹ ਕੇ ਹਿੱਸਾ ਲੈਣ।

Read More : ਮਾਲ ਮੰਤਰੀ ਮੁੰਡੀਆਂ ਨੇ 6 ਮੁੱਖ ਸੜਕ ਵਿਕਾਸ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ

Leave a Reply

Your email address will not be published. Required fields are marked *