ਮੋਹਾਲੀ , 20 ਸਤੰਬਰ : ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਬੀਤੇ ਦਿਨ ਐਲਾਨ ਕੀਤਾ ਕਿ ਫੋਰਟਿਸ ਹੈਲਥਕੇਅਰ ਨੇ ਆਪਣੇ ਮੌਜੂਦਾ ਕੈਂਪਸ ਦਾ ਹੋਰ ਵਿਸਥਾਰ ਕਰਨ ਲਈ ਮੋਹਾਲੀ ‘ਚ 900 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕਰਨ ਦਾ ਫੈਸਲਾ ਕੀਤਾ ਹੈ। ਇਸ ਵਿਸਥਾਰ ਯੋਜਨਾ ਤਹਿਤ ਫੋਰਟਿਸ ਹੈਲਥਕੇਅਰ 400 ਤੋਂ ਵੱਧ ਬਿਸਤਰਿਆਂ ਦੀ ਸਮਰੱਥਾ ਵਧਾਈ ਜਾਵੇਗੀ ।
ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਇਸ ਵਿਸਥਾਰ ਨਾਲ ਫੋਰਟਿਸ ਹਸਪਤਾਲ ਮੋਹਾਲੀ ਦਾ ਸਿਹਤ ਸੰਭਾਲ ਕੈਂਪਸ 13.4 ਏਕੜ ਤੋਂ ਵੱਧ ‘ਚ ਫੈਲ ਜਾਵੇਗਾ। ਇਹ ਪ੍ਰੋਜੈਕਟ 2500 ਤੋਂ ਵੱਧ ਵਿਅਕਤੀਆਂ ਨੂੰ ਸਿੱਧੇ ਤੌਰ ‘ਤੇ ਰੋਜ਼ਗਾਰ ਦੇਵੇਗਾ ਅਤੇ 2,200 ਤੋਂ ਵੱਧ ਵਿਅਕਤੀਆਂ ਲਈ ਅਸਿੱਧੀਆਂ ਨੌਕਰੀਆਂ ਪੈਦਾ ਹੋਣਗੀਆਂ |
ਸੰਜੀਵ ਅਰੋੜਾ ਨੇ ਅੱਜ ਫੋਰਟਿਸ ਹੈਲਥਕੇਅਰ ਵੱਲੋਂ ਸੂਬੇ ‘ਚ ਕੀਤੇ ਨਿਰੰਤਰ ਨਿਵੇਸ਼ਾਂ ਅਤੇ ਵਿਸਥਾਰ ਯੋਜਨਾ ਦਾ ਸਵਾਗਤ ਕੀਤਾ | ਉਨ੍ਹਾਂ ਕਿਹਾ ਕਿ ਇਸ ਵਿਕਾਸ ਨਾਲ ਪੰਜਾਬ ਕਲੱਸਟਰ 1,000 ਬਿਸਤਰਿਆਂ ਨੂੰ ਪਾਰ ਕਰ ਜਾਵੇਗਾ, ਜਿਸ ‘ਚ 2,500 ਕਰੋੜ ਰੁਪਏ ਤੋਂ ਵੱਧ ਦਾ ਸੰਚਤ ਨਿਵੇਸ਼ ਹੋਵੇਗਾ, ਜਿਸਦੀ ਭਵਿੱਖ ‘ਚ ਹੋਰ ਯੋਜਨਾਬੰਦੀ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਫੋਰਟਿਸ ਪਹਿਲਾਂ ਹੀ ਪੰਜਾਬ ‘ਚ 1,500 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕਰ ਚੁੱਕਾ ਹੈ, ਜਿਸ ਨਾਲ ਵਿਸ਼ਵ ਪੱਧਰੀ ਹਸਪਤਾਲਾਂ ਦਾ ਇੱਕ ਮਜ਼ਬੂਤ ਨੈੱਟਵਰਕ ਬਣ ਗਿਆ ਹੈ। ਮੋਹਾਲੀ ‘ਚ ਆਪਣੇ ਨਿਵੇਸ਼ ‘ਚ, ਫੋਰਟਿਸ ਪਹਿਲਾਂ ਹੀ 375 ਬਿਸਤਰਿਆਂ ਦੀ ਸਹੂਲਤ ਪ੍ਰਦਾਨ ਕਰ ਰਿਹਾ ਹੈ । ਜਿਸ ‘ਚ 194 ਆਈਸੀਯੂ ਬਿਸਤਰੇ ਹਨ ਜੋ 40 ਸਪੈਸ਼ਲਿਟੀਆਂ ‘ਚ ਹਨ ਅਤੇ ਕਾਰਡੀਅਕ ਸਾਇੰਸਜ਼, ਓਨਕੋਲੋਜੀ, ਅੰਗ ਟ੍ਰਾਂਸਪਲਾਂਟ, ਰੋਬੋਟਿਕ ਸਰਜਰੀ ਅਤੇ ਕ੍ਰਿਟੀਕਲ ਕੇਅਰ ‘ਚ ਖੇਤਰ ‘ਚ ਮੋਹਰੀ ਹਨ।
ਲੁਧਿਆਣਾ ਵਿਖੇ ਫੋਰਟਿਸ ਹਸਪਤਾਲ ‘ਚ 259 ਬਿਸਤਰਿਆਂ ਦੀ ਸਹੂਲਤ ਹੈ (2013 ਤੋਂ) ਅਤੇ 2023 ‘ਚ ਛਾਤੀ ਦੀ ਸਿਹਤ, ਸ਼ੂਗਰ ਅਤੇ ਰੀੜ੍ਹ ਦੀ ਹੱਡੀ ਦੀ ਦੇਖਭਾਲ ‘ਚ ਸੁਪਰ-ਸਪੈਸ਼ਲਿਟੀ ਕਲੀਨਿਕਾਂ ਦੇ ਨਾਲ ਨਵੀਂ 70 ਬਿਸਤਰਿਆਂ ਦੀ ਸਹੂਲਤ ਸ਼ੁਰੂ ਕੀਤੀ ਹੈ।
ਅੰਮ੍ਰਿਤਸਰ ਵਿਖੇ ਫੋਰਟਿਸ ਐਸਕਾਰਟਸ ਹਸਪਤਾਲ ‘ਚ 4.5 ਏਕੜ ਦੇ ਕੈਂਪਸ ‘ਚ 173 ਬਿਸਤਰਿਆਂ ਦੀ ਸਹੂਲਤ ਹੈ ਜੋ ਪੰਜਾਬ, ਹਰਿਆਣਾ, ਉਤਰਾਖੰਡ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਅਤੇ ਕਸ਼ਮੀਰ ਨੂੰ ਸਹੂਲਤ ਦੇ ਰਿਹਾ ਹੈ। ਸ਼੍ਰੀਮਾਨ ਸੁਪਰ ਸਪੈਸ਼ਲਿਟੀ – ਜਲੰਧਰ ਵਿਖੇ 300 ਬਿਸਤਰਿਆਂ ਵਾਲਾ ਹਸਪਤਾਲ ਹੈ, ਜਿੱਥੇ ਫੋਰਟਿਸ ਨੇ ਭਵਿੱਖ ਦੇ ਵਿਸਥਾਰ ਲਈ 2.5 ਏਕੜ ਵਾਧੂ ਜ਼ਮੀਨ ਪ੍ਰਾਪਤ ਕੀਤੀ ਹੈ।
Read More : ਹੜ੍ਹ ਪ੍ਰਭਾਵਿਤ ਖੇਤਰਾਂ ਲਈ ਮੰਤਰੀ ਚੀਮਾ ਨੇ ਮੋਹਾਲੀ ਤੋਂ ਤਿੰਨ ਐਂਬੂਲੈਂਸਾਂ ਨੂੰ ਕੀਤਾ ਰਵਾਨਾ