ਮਾਧੋਪੁਰ ਹੈੱਡ ਵਰਕਸ ਟੁੱਟਣ ਦੇ ਮਾਮਲੇ ਵਿਚ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ
ਪਠਾਨਕੋਟ, 20 ਸਤੰਬਰ :ਪੰਜਾਬ, ਹਿਮਾਚਲ ਸਮੇਤ ਦੇਸ਼ ਦੇ ਹੋਰ ਰਾਜਾਂ ਵਿਚ ਹੋਈ ਬਾਰਿਸ਼ ਕਰ ਕੇ ਰਾਵੀ ਦਰਿਆ ‘ਚ ਆਏ ਹੜ੍ਹ ਵਰਗੇ ਹਾਲਾਤਾਂ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਵੱਡੀ ਕਾਰਵਾਈ ਕਰਦਿਆਂ ਮਾਧੋਪੁਰ ਸਿੰਚਾਈ ਵਿਭਾਗ ਦੇ 3 ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਗੌਰਤਲੱਬ ਹੈ ਕਿ ਹੜ੍ਹ ਵਰਗੇ ਹਾਲਾਤਾਂ ਕਾਰਨ 26 ਅਗਸਤ ਨੂੰ ਇਲਾਕੇ ‘ਚ ਭਾਰੀ ਨੁਕਸਾਨ ਹੋਇਆ ਸੀ ਅਤੇ 27 ਅਗਸਤ ਨੂੰ ਦੁਪਹਿਰ 2 ਵਜੇ ਮਾਧੋਪੁਰ ਸਥਿਤ ਹੈੱਡ ਵਰਕਸ ਦੇ ਗੇਟ ਖੋਲ੍ਹਦੇ ਸਮੇਂ 54 ਗੇਟਾਂ ਵਿੱਚੋਂ 3 ਗੇਟ ਟੁੱਟ ਕੇ ਰਾਵੀ ਦਰਿਆ ਵਿਚ ਵਹਿ ਗਏ ਸਨ ਅਤੇ ਸਿੰਚਾਈ ਵਿਭਾਗ ਦੇ ਇਕ ਕਰਮਚਾਰੀ ਵਿਨੋਦ ਕੁਮਾਰ ਦੀ ਮੌਤ ਹੋ ਗਈ ਸੀ।
ਸਿੰਚਾਈ ਵਿਭਾਗ ਨੇ ਇਸ ਸਾਰੀ ਘਟਨਾ ਦੀ ਜ਼ਿੰਮੇਵਾਰੀ 3 ਅਧਿਕਾਰੀਆਂ ‘ਤੇ ਧਰਕੇ ਆਪਣਾ ਪੱਲਾ ਝਾੜ ਲਿਆ ਹੈ। ਸਿੰਚਾਈ ਵਿਭਾਗ ਪੰਜਾਬ ਵੱਲੋਂ ਪੱਤਰ ਜਾਰੀ ਕਰ ਕੇ ਮਾਧੋਪੁਰ ਸਿੰਚਾਈ ਵਿਭਾਗ ਦੇ ਐਕਸੀਅਨ ਨਿਤਿਨ ਸੂਦ, ਸਹਾਇਕ ਇੰਜੀਨੀਅਰ (ਐੱਸ.ਡੀ.ਓ.) ਅਰੁਣ ਕੁਮਾਰ ਅਤੇ ਜੂਨੀਅਰ ਇੰਜੀਨੀਅਰ ਸਚਿਨ ਠਾਕੁਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
26 ਅਗਸਤ ਨੂੰ ਰਣਜੀਤ ਸਾਗਰ ਡੈਮ ਪ੍ਰੋਜੈਕਟ ਦੇ ਸਾਰੇ 7 ਫਲੱਡ ਗੇਟ ਇੱਕੋ ਵਾਰ ਖੋਲ੍ਹੇ ਜਾਣ ਨਾਲ ਲੱਖਾਂ ਕਿਊਸਿਕ ਪਾਣੀ ਛੱਡਿਆ ਗਿਆ ਸੀ, ਜਿਸ ਨਾਲ ਪੂਰੇ ਇਲਾਕੇ ‘ਚ ਤਬਾਹੀ ਮਚ ਗਈ ਸੀ। ਉਸ ਸਮੇਂ ਲੋਕਾਂ ਦੇ ਰੋਸ ਨੂੰ ਦੇਖਦਿਆਂ ਕਾਂਗਰਸ, ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਸਮੇਤ ਸਥਾਨਕ ਯੂਨੀਅਨ ਨੇਤਾਵਾਂ ਨੇ ਇਸ ਪੂਰੇ ਮਾਮਲੇ ਲਈ ਸਿੰਚਾਈ ਵਿਭਾਗ ਦੇ ਪ੍ਰਿੰਸੀਪਲ ਸਚਿਵ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਇਸ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਸੀ। ਫਿਲਹਾਲ ਜਾਂਚ ਦੌਰਾਨ ਨਿਚਲੇ ਪੱਧਰ ਦੇ 3 ਅਧਿਕਾਰੀਆਂ ਉੱਤੇ ਗਾਜ਼ ਗਿਰੀ ਹੈ।
Read More : ਪਾਣੀ ਵਾਲੇ ਟੱਬ ‘ਚ ਡੁੱਬਣ ਕਾਰਨ ਬੱਚੀ ਦੀ ਮੌਤ