ਕਿਹਾ-ਆਮ ਆਦਮੀ ਪਾਰਟੀ ਵਿਚ ਕੋਈ ਧੜੇਬੰਦੀ ਨਹੀਂ
ਗੈਰ-ਭਾਜਪਾ ਸ਼ਾਸਤ ਸੂਬਿਆਂ ਦੇ ਰਾਜਪਾਲਾਂ ਨੂੰ ਹੀ ਸੂਬਾ ਸਰਕਾਰਾਂ ਨਾਲ ਸਮੱਸਿਆ ਹੈ
ਚੰਡੀਗੜ੍ਹ, 14 ਸਤੰਬਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਪੇਂਡੂ ਵਿਕਾਸ ਫੰਡ (ਆਰਡੀਐੱਫ) ਦੀ ਬਕਾਇਆ ਰਾਸ਼ੀ ਦਾ ਭੁਗਤਾਨ ਕਰਨ ਨੂੰ ਤਿਆਰ ਹੈ ਤਾਂ ਸੂਬਾ ਸਰਕਾਰ ਸੁਪਰੀਮ ਕੋਰਟ ਵਿਚ ਕੇਂਦਰ ਸਰਕਾਰ ਦੇ ਖਿਲਾਫ਼ ਦਾਇਰ ਕੀਤਾ ਕੇਸ ਵਾਪਸ ਲੈ ਸਕਦੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਕੇਂਦਰ ਸਰਕਾਰ ਦੇ ਕਹਿਣ ’ਤੇ ਆਰਡੀਐੱਫ ਸਬੰਧੀ ਨਿਯਮ ਵੀ ਸੋਧ ਦਿੱਤੇ ਹਨ, ਇਸ ਦੇ ਬਾਵਜੂਦ ਆਰਡੀਐੱਫ ਦੀ ਬਕਾਇਆ ਕਰੀਬ 8000 ਕਰੋੜ ਰੁਪਏ ਦੀ ਰਾਸ਼ੀ ਰੋਕੀ ਹੋਈ ਹੈ।
ਇੱਥੇ ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦੇ ਖ਼ਿਲਾਫ਼ ਸੁਪਰੀਮ ਕੋਰਟ ਵਿਚ ਆਰਡੀਐੱਫ ਦੀ ਬਕਾਇਆ ਰਾਸ਼ੀ ਲੈਣ ਲਈ ਕੇਸ ਦਾਇਰ ਕੀਤਾ ਹੋਇਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਉਹ ਭੀਖ ਨਹੀਂ ਮੰਗ ਰਹੇ ਬਲਕਿ ਆਪਣਾ ਹੱਕ ਮੰਗ ਰਹੇ ਹਨ, ਖ਼ਾਸ ਰਾਹਤ ਪੈਕੇਜ ਨਾ ਦਿੱਤਾ ਜਾਵੇ ਪਰ ਜੀਐੱਸਟੀ ਦੀ ਬਕਾਇਆ ਰਾਸ਼ੀ ਭੁਗਤਾਨ ਕਰ ਦਿੱਤਾ ਜਾਵੇ। ਮੁੱਖ ਮੰਤਰੀ ਨੇ ਆਪਣੀ ਰਿਹਾਇਸ਼ ਤੇ ਗੱਲਬਾਤ ਕਰਦਿਆਂ ਕਿਹਾ ਕਿ ਗੈਰ-ਭਾਜਪਾ ਸ਼ਾਸਤ ਸੂਬਿਆਂ ਦੇ ਰਾਜਪਾਲਾਂ ਨੂੰ ਹੀ ਸੂਬਾ ਸਰਕਾਰਾਂ ਨਾਲ ਸਮੱਸਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਸੂਬਾ ਸਰਕਾਰ ਨੂੰ ਇਜਲਾਸ ਬਲਾਉਣ ਦੀ ਪ੍ਰਵਾਨਗੀ ਲੈਣ ਲਈ ਵੀ ਅਦਾਲਤ ਵਿਚ ਜਾਣਾ ਪਿਆ ਸੀ।
ਮੁੱਖ ਮੰਤਰੀ ਬਦਲਣ ਦੀਆਂ ਖ਼ਬਰਾਂ ਚਲਾਉਣ ਵਾਲੇ ਮੀਡੀਆ ਅਦਾਰਿਆਂ ਦੀ ਆਲੋਚਨਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਚਾਰ ਦਿਨ ਬਿਮਾਰ ਕੀ ਹੋਏ, ਪਿੱਛੋਂ ਵੈੱਬ ਚੈਨਲਾਂ, ਫੇਸਬੁੱਕ ਅਤੇ ਹੋਰਨਾਂ ਨੇ ਚਾਰ-ਚਾਰ ਮੁੱਖ ਮੰਤਰੀ ਬਣਾ ਦਿੱਤੇ। ਉਨ੍ਹਾਂ ਪੁੱਛਿਆ ਕਿ ਕੀ ਮੁੱਖ ਮੰਤਰੀ ਬਦਲਣ ਦੀਆਂ ਖ਼ਬਰਾਂ ਚਲਾਉਣ ਵਾਲੇ ਹੁਣ ਆਪਣੇ ਪ੍ਰਸ਼ੰਸਕਾਂ, ਸਰੋਤਿਆਂ ਤੋਂ ਮਾਫ਼ੀ ਮੰਗਣਗੇ?
ਮੁੱਖ ਮੰਤਰੀ ਨੇ ਦਾਅਵੇ ਨਾਲ ਕਿਹਾ ਕਿ ਉਹ 2027 ਤੱਕ ਮੁੱਖ ਮੰਤਰੀ ਬਣੇ ਰਹਿਣਗੇ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਦਰਬਾਰ ਸਾਹਿਬ ਵਿਚ ਕਿਹਾ ਸੀ ਕਿ ਉਹ ਮੁੱਖ ਮੰਤਰੀ ਬਣੇ ਰਹਿਣਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵਿਚ ਕੋਈ ਧੜੇਬੰਦੀ ਨਹੀਂ ਹੈ ਪਰ ਕੁਝ ਵਿਊ ਹਾਸਿਲ ਕਰਨ ਲਈ ਗ਼ਲਤ ਖ਼ਬਰਾਂ ਚਲਾਈਆਂ ਜਾ ਰਹੀਆਂ ਹਨ।
ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਵਲੋਂ ਐੱਸਡੀਆਰਐੱਫ ਦੇ 12 ਹਜ਼ਾਰ ਕਰੋੜ ਰੁਪਏ ਸਬੰਧੀ ਕੈਗ ਦੀ ਰਿਪੋਰਟ ਪੇਸ਼ ਕਰਨ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਵਿੱਤੀ ਸਾਲ 2010-11 ਤੋਂ ਹੁਣ ਤੱਕ 5012 ਕਰੋੜ ਰੁਪਏ ਪ੍ਰਾਪਤ ਹੋਏ ਹਨ ਅਤੇ 3820 ਕਰੋੜ ਰੁਪਏ ਖਰਚ ਕਰ ਦਿੱਤੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸਾਨੂੰ ਖ਼ਾਸ ਰਾਹਤ ਪੈਕੇਜ ਦੀ ਜਰੂਰਤ ਨਹੀਂ ਕੇਦਰ ਜੀਐੱਸਟੀ ਦੀ ਬਕਾਇਆ ਰਾਸ਼ੀ ਦਾ ਭੁਗਤਾਨ ਕਰ ਦੇਵੇ।
Read More : ਲੁਧਿਆਣਾ ’ਚ ਅੰਨ੍ਹੇਵਾਹ ਫਾਇਰਿੰਗ, ਬੱਚੀ ਅਤੇ ਨੌਜਵਾਨ ਗੰਭੀਰ