ਹਿੰਦੂ ਆਗੂ ਸੁਧੀਰ ਸੁਰੀ ਦੇ ਕਤਲ ਕੇਸ ’ਚ ਬੰਦ ਹੈ ਸੰਦੀਪ ਸਿੰਘ
– ਐੱਸ. ਐੱਸ. ਪੀ. ਵਰੁਣ ਸ਼ਰਮਾ ਨੇ ਕੀਤਾ ਜੇਲ ਅਤੇ ਹਸਪਤਾਲ ਦਾ ਦੌਰਾ
ਪਟਿਆਲਾ, 10 ਸਤੰਬਰ – ਕੇਂਦਰੀ ਵਿਚ ਜੇਲ ਪਟਿਆਲਾ ਦੇ ਕੋਰਾਟੀਨਾ ’ਚ ਬੰਦ ਹਵਾਲਾਤੀਆਂ ’ਚ ਝੜਪ ਹੋ ਗਈ। ਹਿੰਦੂ ਆਗੂ ਸੁਧੀਰ ਸੁਰੀ ਦੇ ਕਤਲ ਦੇ ਦੋਸ਼ ’ਚ ਬੰਦ ਸੰਦੀਪ ਸਿੰਘ ਸਨੀ ਨੇ ਵੱਖ-ਵੱਖ ਕੇਸਾਂ ਵਿਚ ਜੇਲ ’ਚ ਇਕ ਡੀ. ਐੱਸ. ਪੀ. ਅਤੇ 2 ਇੰਸਪੈਕਟਰਾਂ ’ਤੇ ਹਮਲਾ ਕਰ ਦਿੱਤਾ, ਜਿਸ ’ਚ ਸੂਬਾ ਸਿੰਘ ਨਾਂ ਦਾ ਸਾਬਕਾ ਇੰਸਪੈਕਟਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਤਿੰਨਾਂ ਨੂੰ ਇਲਾਜ ਲਈ ਸਰਕਾਰੀ ਰਾਜਿੰਦਰਾ ਹਸਪਤਾਲ ’ਚ ਭਰਤੀ ਕਰਵਾਇਆ ਗਿਆ।
ਘਟਨਾ ਤੋਂ ਬਾਅਦ ਐੱਸ. ਐੱਸ. ਪੀ. ਵਰੁਣ ਸ਼ਰਮਾ ਨੇ ਕੇਂਦਰੀ ਜੇਲ ਪਟਿਆਲਾ ਦਾ ਦੌਰਾ ਕੀਤਾ ਅਤੇ ਸੁਰੱਖਿਆ ਦਾ ਜਾਇਜ਼ਾ ਲਿਆ। ਇਸ ਤੋਂ ਬਾਅਦ ਉਹ ਸਰਕਾਰੀ ਰਾਜਿੰਦਰਾ ਹਸਪਤਾਲ ਵੀ ਪਹੁੰਚੇ ਅਤੇ ਜ਼ਖਮੀਆਂ ਦਾ ਹਾਲ ਜਾਣਿਆ। ਇਹ ਘਟਨਾ ਦੁਪਹਿਰ 12.00 ਵਜੇ ਦੀ ਹੈ।
ਹਮਲੇ ਦੀ ਵਜ੍ਹਾ ਇਹ ਦੱਸੀ ਜਾ ਰਹੀ ਹੈ ਕਿ ਸੰਦੀਪ ਸਿੰਘ ਸਨੀ ਉਕਤ ਅਧਿਕਾਰੀਆਂ ਵਾਲੀ ਬੈਰਕ ’ਚ ਬੰਦ ਕੀਤਾ ਗਿਆ ਸੀ ਅਤੇ ਫੋਨ ਦੀ ਵਰਤੋਂ ਬਾਰੇ ਜਾਣਕਾਰੀ ਜੇਲ ਅਧਿਕਾਰੀਆਂ ਤੱਕ ਪਹੁੰਚ ਗਈ ਸੀ। ਹਮਲੇ ਦੇ ਦੋਸ਼ੀ ਸੰਦੀਪ ਸਿੰਘ ਸਨੀ ਵਿਰੁੱਧ ਥਾਣਾ ਤ੍ਰਿਪੜੀ ’ਚ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ।
ਮਿਲੀ ਜਾਣਕਾਰੀ ਮੁਤਾਬਕ ਸੰਦੀਪ ਸਿੰਘ ਸਨੀ ਅਤੇ ਉਕਤ ਅਧਿਕਾਰੀ ਜੇਲ ਦੀ ਕੋਰਾਂਟੀਨਾ ਬੈਰਕ ’ਚ ਬੰਦ ਸਨ। ਸੰਦੀਪ ਸਿੰਘ ਸਨੀ ਨੂੰ ਸ਼ੱਕ ਸੀ ਕਿ ਉਸ ਦੀਆਂ ਸਰਗਰਮੀਆਂ ਬਾਰੇ ਇਹ ਲੋਕ ਜੇਲ ਪ੍ਰਸ਼ਾਸਨ ਨੂੰ ਜਾਣਕਾਰੀ ਦਿੰਦੇ ਹਨ। ਇਸ ਗੱਲ ਨੂੰ ਲੈ ਕੇ ਕੁਝ ਮਹੀਨੇ ਪਹਿਲਾਂ ਵੀ ਬਹਿਸ ਹੋਈ ਸੀ। ਅੱਜ ਉਕਤ ਸਾਰੇ ਬੰਦੀ ਬੈਰਕ ’ਚ ਬੈਠੇ ਸਨ। ਇਸ ਦੌਰਾਨ ਉਸ ਨੇ ਚਮਚੇ ਨੂੰ ਤੇਜ਼ ਕਰ ਕੇ ਹਥਿਆਰ ਵਜੋਂ ਵਰਤਿਆ ਅਤੇ ਸਾਰੇ ਲੋਕਾਂ ’ਤੇ ਹਮਲਾ ਕਰ ਦਿੱਤਾ।
ਦੋਸ਼ੀ ਨੇ ਸਾਰਿਆਂ ਦੇ ਸਿਰਾਂ ’ਤੇ ਤੇਜ਼ ਚਮਚੇ ਨਾਲ ਵਾਰ ਕੀਤੇ ਅਤੇ ਸੂਬਾ ਸਿੰਘ ਦੇ ਚਿਹਰੇ ’ਤੇ ਵੀ ਕੁਝ ਵਾਰ ਕੀਤੇ। ਇਸ ਕਰ ਕੇ ਸਾਰੇ ਗੰਭੀਰ ਜ਼ਖਮੀ ਹੋ ਗਏ। ਜੇਲ ਅਧਿਕਾਰੀ ਵੀ ਮੌਕੇ ’ਤੇ ਤੁਰੰਤ ਪਹੁੰਚ ਗਏ। ਜ਼ਖਮੀਆਂ ਨੂੰ ਰਾਜਿੰਦਰਾ ਹਸਪਤਾਲ ਲਿਆਂਦਾ ਗਿਆ ਅਤੇ ਸੂਬਾ ਸਿੰਘ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਆਈ. ਸੀ. ਯੂ. ਵਿਚ ਦਾਖਲ ਕੀਤਾ ਗਿਆ ਹੈ।
Read More : ਪਿੰਡ ਭਾਮੜੀ ਵਿਚ ਕੇਂਦਰੀ ਜਾਂਚ ਏਜੰਸੀ ਦੀ ਛਾਪੇਮਾਰੀ