ਪਟਿਆਲਾ, 2 ਸਤੰਬਰ : ਜ਼ਿਲਾ ਪਟਿਆਲਾ ਦੇ ਸਨੌਰ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੂੰ ਜਬਰ-ਜਨਾਹ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਹ ਕਾਰਵਾਈ ਇਕ ਔਰਤ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ‘ਤੇ ਕੀਤੀ ਗਈ ਹੈ, ਜਿਸ ‘ਚ ਵਿਧਾਇਕ ‘ਤੇ ਗੰਭੀਰ ਦੋਸ਼ ਲਗਾਏ ਗਏ ਹਨ। ਹਰਮੀਤ ਸਿੰਘ ਪਠਾਨਮਾਜਰਾ ਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ‘ਚ ਸਨੌਰ ਸੀਟ ਤੋਂ ਵੱਡੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ ਸੀ।
ਜ਼ਿਕਰਯੋਗ ਹੈ ਕਿ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੇ ਆਪਣੀ ਹੀ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਅਤੇ ਪੰਜਾਬ ਸਰਕਾਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਬਿਆਨ ਦਿੱਤੇ ਸਨ। ਉਨ੍ਹਾਂ ਨੇ ਆਪਣੇ ਹੜ੍ਹ ਪ੍ਰਭਾਵਿਤ ਖੇਤਰ ਦੀਆਂ ਸਮੱਸਿਆਵਾਂ ਚੁੱਕੀਆਂ ਤੇ ਦਰਿਆ ਦੀ ਸਫਾਈ ਦੇ ਮੁੱਦੇ ‘ਤੇ ਸੀਨੀਅਰ ਅਧਿਕਾਰੀਆਂ ਦੀ ਆਲੋਚਨਾ ਕੀਤੀ।
ਉੱਥੇ ਹੀ ਵਿਧਾਇਕ ਪਠਾਣਮਾਜਰਾ ਦੇ ਵਕੀਲ ਨੇ ਦੱਸਿਆ ਕਿ ਇਹ ਐਫਆਈਆਰ ਦਰਜ ਬੀਤੇ ਦਿਨ ਯਾਨੀ 1 ਸਤੰਬਰ ਨੂੰ ਕੀਤੀ ਗਈ। ਉਨ੍ਹਾਂ ਨੇ ਕਿਹਾ ਇਹ ਐਫਆਈਆਰ 2014 ਦਰਖ਼ਾਸਤ ਮਾਮਲੇ ‘ਚ ਦਰਜ ਕੀਤੀ ਗਈ ਹੈ। ਉਨ੍ਹਾਂ ਦੇ ਵਕੀਲ ਨੇ ਸ਼ਿਕਾਇਤ ਕਰਤਾ ਮਹਿਲਾ ‘ਤੇ ਵੀ ਕਈ ਇਲਜ਼ਾਮ ਲਗਾਏ ਹਨ। ਉਨ੍ਹਾਂ ਦਾ ਕਹਿਣਾ ਹੈ ਮਹਿਲਾ ਖਿਲਾਫ਼ ਕਈ ਕੇਸ ਦਰਜ ਹਨ ਤੇ 10 ਦਿਨ ਲਈ ਜੇਲ ਵੀ ਜਾ ਚੁੱਕੀ ਹੈ।
ਦੱਸ ਦੇਈਏ ਸੱਤਾਧਾਰੀ ਪਾਰਟੀ ਦੇ ਵਿਧਾਇਕ ਪਠਾਨਮਾਜਰਾ ਪਹਿਲਾਂ ਵੀ ਵਿਵਾਦਾਂ ‘ਚ ਰਹੇ ਹਨ। 2022 ‘ਚ, ਉਨ੍ਹਾਂ ਦੀ ਦੂਜੀ ਪਤਨੀ ਗੁਰਪ੍ਰੀਤ ਕੌਰ ਨੇ ਉਨ੍ਹਾਂ ‘ਤੇ ਆਪਣੇ ਪਹਿਲੇ ਵਿਆਹ ਨੂੰ ਛੁਪਾਉਣ ਤੇ ਕੁੱਟਮਾਰ ਦਾ ਇਲਜ਼ਾਮ ਲਗਾਇਆ ਸੀ। ਇਸ ਤੋਂ ਇਲਾਵਾ ਇਕ ਕਥਿਤ ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਹ ਸੁਰਖੀਆਂ ‘ਚ ਵੀ ਰਹੇ।
Read More : ਮਕਾਨ ਦੀ ਛੱਤ ਡਿੱਗਣ ਕਾਰਨ ਚਾਚੇ-ਭਤੀਜੇ ਦੀ ਮੌਤ