ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਨੂੰ ਆਰਜ਼ੀ ਤੌਰ ’ਤੇ ਮੁਲਤਵੀ
ਜੰਮੂ, 26 ਅਗਸਤ : ਜੰਮੂ ਡਵੀਜ਼ਨ ’ਚ ਮੰਗਲਵਾਰ ਨੂੰ ਲਗਾਤਾਰ ਤੀਜੇ ਦਿਨ ਭਾਰੀ ਬਾਰਿਸ਼ ਤਬਾਹੀ ਬਣ ਕੇ ਆਈ। ਡੋਡਾ ’ਚ ਬੱਦਲ ਫੱਟਣ ਤੇ ਸ੍ਰੀ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਮਾਰਗ ’ਤੇ ਆਦਕੁੰਵਾਰੀ ਖੇਤਰ ’ਚ ਜ਼ਮੀਨ ਖਿਸਕਣ ਨਾਲ 13 ਸਾਲਾ ਬੱਚੇ ਸਣੇ 11 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ’ਚ 5 ਸ੍ਰੀ ਮਾਤਾ ਵੈਸ਼ਨੋ ਦੇਵੀ ਦੇ ਸ਼ਰਧਾਲੂ ਹਨ। ਕਰੀਬ 14 ਜ਼ਖ਼ਮੀ ਵੀ ਹੋਏ ਹਨ।
ਫ਼ਿਲਹਾਲ ਵੈਸ਼ਨੋ ਦੇਵੀ ਦੀ ਯਾਤਰਾ ਨੂੰ ਆਰਜ਼ੀ ਤੌਰ ’ਤੇ ਮੁਲਤਵੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਤਵੀ ’ਚ ਕਾਰ ਡਿੱਗਣ ਨਾਲ ਤਿੰਨ ਨੌਜਵਾਨ ਰੁੜ੍ਹ ਗਏ ਤੇ ਦੋ ਹੋਰਨਾਂ ਨੂੰ ਬਚਾ ਲਿਆ ਗਿਆ।
ਬਾਰਿਸ਼ ਨਾਲ ਦੋ ਦਰਜਨ ਤੋਂ ਜ਼ਿਆਦਾ ਮਕਾਨ, ਦੁਕਾਨਾਂ ਸਣੇ ਵੱਖ-ਵੱਖ ਇਮਾਰਤਾਂ ਨੁਕਸਾਨੀਆਂ ਗਈਆਂ ਹਨ। ਤਵੀ, ਚਿਨਾਬ, ਉੱਜ ਸਮੇਤ ਸਾਰੀਆਂ ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਜਾਂ ਉਸ ਦੇ ਕਰੀਬ ਵਹਿ ਰਹੀਆਂ ਹਨ। ਜੰਮੂ ’ਚ ਤਵੀ ਨਦੀ ’ਤੇ ਬਣਿਆ ਪੁਲ ਧੱਸਣ ਨਾਲ ਨੁਕਸਾਨਿਆ ਗਿਆ ਜਦਕਿ ਇਸ ਨਦੀ ’ਤੇ ਬਣੇ ਦੋ ਹੋਰ ਪੁਲਾਂ ’ਤੇ ਇਹਤਿਆਤ ਵਜੋਂ ਕਈ ਘੰਟੇ ਆਵਾਜਾਈ ਬੰਦ ਰੱਖੀ ਗਈ।
ਜੰਮੂ-ਪਠਾਨਕੋਟ ਰਾਜਮਾਰਗ ’ਤੇ ਵਿਜੇਪੁਰ ’ਚ ਏਮਜ਼ ਦੇ ਨਜ਼ਦੀਕ ਦੇਵਿਕਾ ਪੁਲ ਵੀ ਨੁਕਸਾਨਿਆ ਗਿਆ ਹੈ। ਨਿੱਕੀ ਤਵੀ ਦੇ ਇਲਾਕੇ ’ਚ ਇਕ ਦਰਜਨ ਦੇ ਕਰੀਬ ਬਸਤੀਆਂ ਦੇ ਪਾਣੀ ’ਚ ਡੁੱਬਣ ਦਾ ਖ਼ਤਰਾ ਪੈਦਾ ਪੈਦਾ ਹੋ ਗਿਆ ਹੈ ਅਤੇ ਸਬੰਧਤ ਇਲਾਕਿਆਂ ਤੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਲਈ ਕਿਹਾ ਗਿਆ ਹੈ। ਸਾਂਬਾ ’ਚ ਫ਼ੌਜ ਦੇ ਜਵਾਨਾਂ ਨੇ ਖ਼ਾਨਾਬਦੋਸ਼ ਗੁੱਜਰ ਫਿਰਕੇ ਦੇ ਸੱਤ ਲੋਕਾਂ ਨੂੰ ਦਰਿਆ ਤੋਂ ਸੁਰੱਖਿਅਤ ਕੱਢਿਆ ਹੈ। ਜੰਮੂ ਡਵੀਜ਼ਨ ’ਚ ਸਾਰੇ ਸਕੂਲ ਕਾਲਜ 27 ਅਗਸਤ ਨੂੰ ਵੀ ਬੰਦ ਰਹਿਣਗੇ।
Read More : ਨਾਲੇ ‘ਚ ਡਿੱਗੀ ਕਾਰ, 2 ਲੋਕਾਂ ਦੀ ਮੌਤ
