ਭਾਰੀ ਮੀਂਹ ’ਚ ਪ੍ਰੇਸ਼ਾਨ ਹੋ ਰਹੇ ਡਰਾਈਵਰ
ਗੁਰਦਾਸਪੁਰ, 25 ਅਗਸਤ : ਭਾਰੀ ਬਾਰਿਸ਼ ਅਤੇ ਪਹਾੜੀ ਇਲਾਕਿਆਂ ’ਚ ਬੱਦਲ ਫਟਣ ਕਾਰਨ ਪਠਾਨਕੋਟ-ਜੰਮੂ ਨੈਸ਼ਨਲ ਹਾਈਵੇ ਦਾ ਕਾਫ਼ੀ ਨੁਕਸਾਨ ਹੋਇਆ ਹੈ। ਇਕ ਵੱਡੇ ਪੁਲ ਦੇ ਟੁੱਟਣ ਕਾਰਨ ਇਸ ਮਾਰਗ ’ਤੇ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ।
ਜੰਮੂ ਵੱਲ ਜਾਣ ਵਾਲੇ ਟਰੱਕਾਂ ਨੂੰ ਪੁਲਸ ਪ੍ਰਸ਼ਾਸਨ ਵੱਲੋਂ ਪਠਾਨਕੋਟ ਪਹੁੰਚਣ ਤੋਂ ਪਹਿਲਾਂ ਹੀ ਰੋਕਿਆ ਜਾ ਰਿਹਾ ਹੈ। ਜ਼ਿਲਾ ਪੁਲਸ ਕਪਤਾਨ ਦੇ ਹੁਕਮਾਂ ’ਤੇ ਥਾਣਾ ਕਾਹਨੂੰਵਾਨ ਦੀ ਪੁਲਸ ਨੇ ਸੈਂਕੜੇ ਟਰੱਕ ਖੜ੍ਹੇ ਕਰਵਾ ਦਿੱਤੇ ਹਨ। ਸਠਿਆਲੀ ਤੋਂ ਸ੍ਰੀ ਹਰਗੋਬਿੰਦਪੁਰ ਮਾਰਗ ’ਤੇ ਵੱਡੀ ਗਿਣਤੀ ਵਿਚ ਟਰੱਕਾਂ ਦੇ ਖੜ੍ਹੇ ਹੋਣ ਨਾਲ ਜਿੱਥੇ ਆਵਾਜਾਈ ’ਚ ਵਿਘਨ ਪਿਆ ਹੈ, ਉੱਥੇ ਹੀ ਮੀਂਹ ਅਤੇ ਲੰਬੀ ਦੇਰੀ ਕਾਰਨ ਟਰੱਕ ਚਾਲਕਾਂ ਨੂੰ ਵੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਟਰੱਕ ਚਾਲਕਾਂ ਜਤਿੰਦਰ ਕੁਮਾਰ, ਸਿਕੰਦਰ ਸਿੰਘ ਅਤੇ ਮੰਗਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ 24 ਅਗਸਤ ਦੀ ਰਾਤ ਤੋਂ ਰੋਕਿਆ ਗਿਆ ਹੈ। ਭਾਰੀ ਬਾਰਿਸ਼ ਅਤੇ ਹਨੇਰੇ ’ਚ ਮੱਛਰਾਂ ਨੇ ਵੀ ਉਨ੍ਹਾਂ ਨੂੰ ਬਹੁਤ ਤੰਗ ਕੀਤਾ। ਸਭ ਤੋਂ ਵੱਡੀ ਸਮੱਸਿਆ ਖਾਣ-ਪੀਣ ਦੀ ਹੈ, ਕਿਉਂਕਿ ਨੇੜੇ ਕੋਈ ਢਾਬਾ ਨਾ ਹੋਣ ਕਰ ਕੇ ਉਹ ਰਾਤ ਤੋਂ ਹੀ ਭੁੱਖੇ ਹਨ।
ਪੁਲਸ ਨੇ ਦੱਸਿਆ ਹੈ ਕਿ ਅੱਗੇ ਇਕ ਪੁਲ ਦੇ ਨੁਕਸਾਨੇ ਜਾਣ ਕਾਰਨ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਕ ਬਜ਼ੁਰਗ ਟਰੱਕ ਚਾਲਕ ਨੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਉਸ ਦੇ ਟਰੱਕ ’ਚ ਸਬਜ਼ੀ ਲੱਦੀ ਹੋਈ ਹੈ, ਜੇਕਰ ਟਰੱਕ ਹੋਰ ਦੇਰ ਤੱਕ ਖੜ੍ਹੇ ਰਹੇ ਤਾਂ ਸਬਜ਼ੀ ਖਰਾਬ ਹੋ ਜਾਵੇਗੀ, ਜਿਸ ਕਾਰਨ ਉਨ੍ਹਾਂ ਦਾ ਭਾਰੀ ਨੁਕਸਾਨ ਹੋਵੇਗਾ।
ਇਸ ਮੌਕੇ ਥਾਣਾ ਕਾਹਨੂੰਵਾਨ ਦੇ ਮੁਖੀ ਗੁਰਨਾਮ ਸਿੰਘ ਨੇ ਕਿਹਾ ਕਿ ਪਠਾਨਕੋਟ ਤੋਂ ਅੱਗੇ ਜੰਮੂ ਹਾਈਵੇ ’ਤੇ ਪੁਲ ਦੇ ਨੁਕਸਾਨੇ ਜਾਣ ਕਾਰਨ ਭਾਰੀ ਆਵਾਜਾਈ ਨੂੰ ਰਾਤ ਤੋਂ ਹੀ ਰੋਕਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅਗਲੇ ਹੁਕਮਾਂ ਤੱਕ ਇਹ ਆਵਾਜਾਈ ਇਸੇ ਤਰ੍ਹਾਂ ਹੀ ਰੋਕੀ ਰਹੇਗੀ ਅਤੇ ਨਾਲ ਹੀ ਉਹ ਸੜਕ ’ਤੇ ਆਵਾਜਾਈ ਨੂੰ ਸੁਚਾਰੂ ਬਣਾਉਣ ਦਾ ਵੀ ਯਤਨ ਕਰਨਗੇ।
Read More : ਜਰਨੈਲ ਬਾਜਵਾ ਨੂੰ 3 ਸਾਲ ਕੈਦ ਦੀ ਸਜ਼ਾ