ਨਵੀਂ ਜ਼ਿਲਾ ਜੇਲ ਦੇ ਬਾਹਰ ਅਕਾਲੀ ਸਮਰਥਕਾਂ ਵੱਲੋਂ ਰੋਸ ਪ੍ਰਦਰਸ਼ਨ
ਨਾਭਾ, 19 ਅਗਸਤ : ਆਮਦਨ ਤੋਂ ਵੱਧ ਜਾਇਦਾਦ ਮਾਮਲੇ ’ਚ ਨਾਭਾ ਦੀ ਨਵੀਂ ਜ਼ਿਲਾ ਜੇਲ ’ਚ ਨਜ਼ਰਬੰਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਨਾਲ ਮੁਲਾਕਾਤ ਕਰਨ ਲਈ ਸੀਨੀਅਰ ਆਗੂ ਸੁੱਚਾ ਸਿੰਘ ਲੰਗਾਹ ਅੱਜ ਸਵੇਰੇ ਕਰੀਬ ਸਾਢੇ 11 ਵਜੇ ਜੇਲ ਦੇ ਬਾਹਰ ਪਹੁੰਚੇ। ਇਸ ਮੌਕੇ ਜਥੇਦਾਰ ਲੰਗਾਹ ਦੇ ਨਾਲ ਡੇਰਾ ਬਾਬਾ ਨਾਨਕ ਤੋਂ ਅਕਾਲੀ ਦਲ ਦੇ ਕਈ ਆਗੂ ਅਤੇ ਵਰਕਰ ਵੀ ਮੌਜੂਦ ਸਨ। ਜੇਲ ਪ੍ਰਸ਼ਾਸਨ ਵੱਲੋਂ ਬਿਕਰਮ ਮਜੀਠੀਆ ਨਾਲ ਮੁਲਾਕਾਤ ਕਰਨ ਤੋਂ ਸੁੱਚਾ ਸਿੰਘ ਨੂੰ ਬਾਹਰ ਹੀ ਰੋਕ ਦਿੱਤਾ ਗਿਆ। ਕੁਝ ਸਮੇਂ ਬਾਅਦ ਜੇਲ ਸੁਪਰਡੈਂਟ ਇੰਦਰਜੀਤ ਸਿੰਘ ਕਾਹਲੋਂ ਬਾਹਰ ਆਏ ਅਤੇ ਨਿਯਮਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਮਜੀਠੀਆ ਨਾਲ ਮੁਲਾਕਾਤ ਕਰਵਾਉਣ ਤੋਂ ਨਾਂਹ ਕਰ ਦਿੱਤੀ।
ਜੇਲ ਸੁਪਰਡੈਂਟ ਵੱਲੋਂ ਮੁਲਾਕਾਤ ਦਾ ਸਮਾਂ ਨਾ ਦਿੱਤੇ ਜਾਣ ’ਤੇ ਜਥੇਦਾਰ ਲੰਗਾਹ ਦੀ ਅਗਵਾਈ ਹੇਠ ਅਕਾਲੀ ਆਗੂਆਂ ਅਤੇ ਵਰਕਰਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਅਕਾਲੀਆਂ ਨਾਲ ਸ਼ਰੇਆਮ ਧੱਕੇਸ਼ਾਹੀ ਕਰ ਰਹੀ ਹੈ।
ਇਸ ਮੌਕੇ ਮੱਖਣ ਸਿੰਘ ਲਾਲਕਾ ਹਲਕਾ ਇੰਚਾਰਜ, ਸੀਨੀਅਰ ਆਗੂ ਅਬਜਿੰਦਰ ਸਿੰਘ ਜੋਗੀ ਗਰੇਵਾਲ, ਗੁਰਿੰਦਰ ਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਕਮੇਟੀ, ਕਮਲਪ੍ਰੀਤ ਸਿੰਘ ਕਾਕੀ, ਜਸਪ੍ਰੀਤ ਸਿੰਘ ਰਾਣਾ ਪਠਾਨਕੋਟ, ਪਰਮਵੀਰ ਸਿੰਘ ਲਾਡੀ, ਨਰਿੰਦਰ ਸਿੰਘ ਵਾੜਾ, ਹਰਦੇਵ ਸਿੰਘ ਬਾਜਵਾ ਜਿਲਾ ਪ੍ਰਧਾਨ, ਅਰਵਿੰਦਰ ਸਿੰਘ ਪਾੜਾ ਆਦਿ ਪਾਰਟੀ ਵਰਕਰ ਮੌਜੂਦ ਸਨ।
ਨਿਯਮਾਂ ਤੋਂ ਬਾਹਰ ਹੋ ਕੇ ਮੁਲਾਕਾਤ ਨਹੀਂ ਕਰਵਾ ਸਕਦੇ : ਜੇਲ ਦੇ ਸੁਪਰਡੈਂਟ ਕਾਹਲੋਂ
ਇਸ ਦੌਰਾਨ ਨਵੀਂ ਜ਼ਿਲਾ ਜੇਲ ਦੇ ਸੁਪਰਡੈਂਟ ਇੰਦਰਜੀਤ ਸਿੰਘ ਕਾਹਲੋਂ ਨੇ ਕਿਹਾ ਕਿ ਜੇਲ ਕਾਨੂੰਨ ਮੁਤਾਬਕ ਹੀ ਅਸੀਂ ਮੁਲਾਕਾਤ ਕਰਵਾ ਰਹੇ ਹਾਂ ਕਿਉਂਕਿ ਬਿਕਰਮ ਸਿੰਘ ਮਜੀਠੀਆ ਨੂੰ ਮਿਲਣ ਲਈ ਉਨ੍ਹਾਂ ਦੇ 10 ਪਰਿਵਾਰਕ ਮੈਂਬਰਾਂ ਦਾ ਹੀ ਨਾਂ ਸ਼ਾਮਿਲ ਹੈ, ਜਿਸ ’ਚ ਉਸ ਦੇ 2 ਵਕੀਲ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਅਸੀਂ ਜੇਲ ਪ੍ਰਸ਼ਾਸਨ ਦੇ ਨਿਯਮਾਂ ਤੋਂ ਬਾਹਰ ਹੋ ਕੇ ਕੋਈ ਵੀ ਮੁਲਾਕਾਤ ਨਹੀਂ ਕਰਵਾ ਸਕਦੇ।
Read More : 30 ਪਿੰਡਾਂ ਦੇ ਸਰਪੰਚਾਂ ਵੱਲੋਂ ਸਮਾਜਿਕ ਅਲਾਮਤਾਂ ਵਿਰੁੱਧ ਜਹਾਦ ਛੇੜਨ ਦਾ ਐਲਾਨ
